ਤਿੰਨ ਮਹੀਨੇ ਦੇ ਬੱਚੇ ਨੂੰ ਕਾਰ ਅੰਦਰ ਭੁੱਲੇ ਮਾਪੇ, ਬੁਲਾਉਣੀ ਪਈ ਪੁਲਿਸ

ਖ਼ਬਰਾਂ, ਕੌਮਾਂਤਰੀ

ਲੰਦਨ, 24 ਸਤੰਬਰ (ਹਰਜੀਤ ਸਿੰਘ ਵਿਰਕ) : ਲੀਵਰਪੂਲ ਦੇ 'ਟਾਇਜ਼ ਆਰ ਅਸ' ਦੇ ਸਟੋਰ ਦੀ ਪਾਰਕਿੰਗ ਵਿਚ ਉਸ ਵੇਲੇ ਪੁਲਿਸ ਬੁਲਾਉਣੀ ਪਈ ਜਦੋਂ ਇਕ ਮਹਿਲਾ ਨੇ ਇਕ ਕਾਰ ਦੇ ਅੰਦਰ ਤਿੰਨ ਮਹੀਨੇ ਦੇ ਬੱਚੇ ਨੂੰ ਰੋਂਦੇ ਵੇਖਿਆ। ਉਹ ਬੱਚਾ ਕਾਰ ਅੰਦਰ ਇਕ ਕੰਬਲ ਵਿਚ ਸੀ ਅਤੇ ਰੋ ਰਿਹਾ ਸੀ। ਉਥੇ ਹੀ ਉਸ ਦੇ ਮਾਤਾ-ਪਿਤਾ ਅੰਦਰ ਦੁਕਾਨ ਵਿਚ ਸ਼ਾਪਿੰਗ 'ਚ ਰੁੱਝੇ ਹੋਏ ਸਨ। ਇਸ ਘਟਨਾ ਨੂੰ ਮਹਿਲਾ ਨੇ ਅਪਣੇ ਫ਼ੇਸਬੁਕ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਅਤੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਹੈਰਾਨ ਅਤੇ ਗੁੱਸੇ ਵਿਚ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਜੋ ਵੇਖਿਆ ਉਸ ਉੱਤੇ ਉਸ ਦੇ ਲਈ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ।
ਖ਼ਬਰ ਅਨੁਸਾਰ ਅਪਣੀ ਪੋਸਟ ਵਿਚ ਘਟਨਾ ਦਾ ਜ਼ਿਕਰ ਕਰਦੇ ਹੋਏ ਮਹਿਲਾ ਨੇ ਲਿਖਿਆ ਕਿ ਕਾਰ ਦੀ ਸਾਰੀਆਂ ਬਾਰੀਆਂ ਅਤੇ ਦਰਵਾਜ਼ੇ ਬੰਦ ਸਨ ਅਤੇ ਉਸ ਨੂੰ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀ ਸੀ। ਜਦੋਂ ਉਸ ਨੇ ਕਾਰ ਦੇ ਅੰਦਰ ਵੇਖਿਆ ਤਾਂ ਇਸ ਨੂੰ ਪਤਾ ਲੱਗਾ ਕਿ ਕਾਰ ਅੰਦਰ ਕਰੀਬ 3 ਮਹੀਨੇ ਦਾ ਇਕ ਬੱਚਾ ਕੰਬਲ ਵਿਚ ਪਿਆ ਰੋ ਰਿਹਾ ਸੀ। ਇਸ ਤੋਂ ਬਾਅਦ ਦੁਕਾਨ ਕਰਮਚਾਰੀਆਂ ਨੇ ਇਸ ਗੱਲ ਦੀ ਅਨਾਉਂਸਮੈਂਟ ਵੀ ਕੀਤੀ ਪਰ ਉਹ ਬੱਚੇ ਦੇ ਮਾਤਾ-ਪਿਤਾ ਨੂੰ ਲੱਭ ਨਾ ਸਕੇ। ਜਦੋਂ ਤਕ ਪੁਲਸ ਉਥੇ ਪਹੁੰਚੀ ਉਸ ਵੇਲੇ ਤਕ ਉਸ ਬੱਚੇ ਦੇ ਮਾਤਾ-ਪਿਤਾ ਵੀ ਉਥੇ ਪਹੁੰਚ ਚੁਕੇ ਸਨ।
ਅਪਣੀ ਫ਼ੇਸਬੁਕ ਪੋਸਟ ਨਾਲ ਮਹਿਲਾ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਿਰਫ਼ ਸਲਾਹ ਦੇ ਕੇ ਛੱਡ ਦਿਤਾ। ਪੁਲਿਸ ਦੇ ਇਕ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਰ ਦੇ ਅੰਦਰ ਬੰਦ ਰਹਿਣ ਨਾਲ ਉਸ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।