ਟੋਰਾਂਟੋ 'ਚ ਠੰਡ ਕਾਰਨ ਏਅਰਪੋਰਟ ਦੀਆਂ ਕੁੱਝ ਫਲਾਇਟਾਂ ਪ੍ਰਭਾਵਿਤ

ਖ਼ਬਰਾਂ, ਕੌਮਾਂਤਰੀ

ਟੋਰਾਂਟੋ: ਕੈਨੇਡਾ ਦੇ ਸਭ ਤੋਂ ਰੁਝੇਵੇਂ ਵਾਲੇ ਹਵਾਈ ਅੱਡੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ ਦੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਠੰਡ ਕਾਰਨ ਏਅਰਪੋਰਟ ਦੀਆਂ ਕੁੱਝ ਫਲਾਇਟਾਂ ਪ੍ਰਭਾਵਿਤ ਹੋਈਆਂ ਹਨ।

ਪੀਅਰਸਨ ਏਅਰਪੋਰਟ ਦੇ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਕਿ ਯਾਤਰੀਆਂ ਨੂੰ ਹਵਾਈ ਯਾਤਰਾ ਲਈ ਏਅਰਪੋਰਟ ਆਉਣ ਤੋਂ ਪਹਿਲਾਂ ਫਲਾਇਟਾਂ ਦੀ ਸਥਿਤੀ ਬਾਰੇ ਜਾਣ ਲੈਣਾ ਚਾਹੀਦਾ ਹੈ। ਆਨਲਾਈਨ ਦੇਖਿਆ ਜਾ ਸਕਦਾ ਹੈ ਕਿ ਟੋਰਾਂਟੋ 'ਚ ਕਈ ਫਲਾਇਟਾਂ ਲੇਟ ਹਨ ਤੇ ਕਈ ਫਲਾਇਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 

ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਬਰਫਬਾਰੀ ਕਾਰਨ ਓਨਟਾਰੀਓ ਦਾ ਵੱਡਾ ਇਲਾਕਾ ਪ੍ਰਭਾਵਿਤ ਹੋਇਆ ਹੈ। ਓਨਟਾਰੀਓ ਦੇ ਕਈ ਇਲਾਕਿਆਂ 'ਚ ਅਜੇ ਵੀ ਹਲਕੀ ਬਰਫਬਾਰੀ ਦੀ ਚਿਤਾਵਨੀ ਜਾਰੀ ਹੈ।

ਏਜੰਸੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੜਕਾਂ 'ਤੇ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਸਾਰਿਆਂ ਨੂੰ ਧਿਆਨ ਨਾਲ ਤੇ ਹੌਲੀ ਡਰਾਈਵਿੰਗ ਕਰਨ ਦੀ ਸਲਾਹ ਦਿੱਤੀ ਗਈ ਹੈ।