ਸੇਂਟਾ ਰੋਜਾ: ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ ਅਤੇ ਹਜ਼ਾਰਾਂ ਲੋਕਾਂ ਨੇ ਆਪਣਾ ਘਰ ਛੱਡ ਕੇ ਆਸਪਾਸ ਦੇ ਇਲਾਕਿਆਂ ਵਿਚ ਸ਼ਰਨ ਲਈ ਹੈ। ਅੱਗ ਭਿਆਨਕ ਹੁੰਦੀ ਜਾ ਰਹੀ ਹੈ ਅਤੇ ਹੁਣ ਤੱਕ 20,000 ਤੋਂ ਜਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਜਾ ਚੁੱਕਿਆ ਹੈ।
ਸੀਐਨਐਨ ਦੀ ਰਿਪੋਰਟ ਦੇ ਮੁਤਾਬਕ, ਕੈਲੀਫੋਰਨੀਆ ਦੇ ਨਾਪਾ ਅਤੇ ਸੋਨੋਮਾ ਕਾਉਂਟੀ ਵਿੱਚ ਬਹੁਤ ਹੀ ਭਿਆਨਕ ਅੱਗ ਲੱਗੀ ਹੈ। ਸੋਨੋਮਾ ਕਾਊਂਟੀ ਵਿਚ ਕਰੀਬ 1,75,000 ਆਬਾਦੀ ਵਾਲੇ ਸੇਂਟਾ ਰੋਜਾ ਨਿਵਾਸੀ ਟਰੇਨਰ ਜੈਕ ਡਿਕਸਨ ਨੇ ਮੰਗਲਵਾਰ ਨੂੰ ਕਿਹਾ, ''ਘਰ ਸੜ ਕੇ ਬਰਬਾਦ ਹੋ ਗਏ ਅਤੇ ਹੁਣ ਉਹ ਸੁਆਹ ਵਿਚ ਤਬਦੀਲ ਹੋ ਗਏ ਹਨ।''
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਵਿਚ ਲੱਗੀ ਇਸ ਅੱਗ ਨੂੰ ਵੱਡੀ ਆਫਤ ਘੋਸ਼ਿਤ ਕੀਤਾ ਹੈ ਅਤੇ ਪੱਛਮੀ ਸੂਬੇ ਵਿਚ ਜੰਗਲਾਂ ਵਿਚ 17 ਜਗ੍ਹਾ ਲੱਗੀ ਅੱਗ ਨਾਲ ਨਜਿੱਠਣ ਲਈ ਸੰਘੀ ਵਿੱਤੀ ਮਦਦ ਅਤੇ ਸੰਸਾਧਨ ਉਪਲੱਬਧ ਕਰਾਉਣ ਦੀ ਘੋਸ਼ਣਾ ਕੀਤੀ ਹੈ। ਗਵਰਨਰ ਜੇਰੀ ਬਰਾਊਨ ਨੇ ਅੱਠ ਕਾਊਂਟੀ ਵਿਚ ਸੰਕਟਕਾਲੀਨ ਸਥਿਤੀ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਲਈ ਹਾਜ਼ਰਾਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਿੱਥੇ ਸੋਨੋਮਾ ਕਾਊਂਟੀ ਵਿਚ ਅੱਗ ਲੱਗਣ ਨਾਲ 8 ਲੋਕਾਂ ਦੇ ਮਰਨ ਦੀ ਖਬਰ ਹੈ। ਉਥੇ ਹੀ ਮੇਂਡੋਕਿਨੋ ਕਾਊਂਟੀ ਵਿਚ 3, ਨਾਪਾ ਕਾਊਂਟੀ ਵਿਚ 2 ਅਤੇ ਯੂਬਾ ਕਾਊਂਟੀ ਵਿਚ 1 ਵਿਅਕਤੀ ਦੀ ਮੌਤ ਹੋਈ ਹੈ।
- ਜੰਗਲ ਅਤੇ ਅੱਗ ਸੁਰੱਖਿਆ ਵਿਭਾਗ ਦੇ ਬਟਾਲੀਅਨ ਪ੍ਰਮੁੱਖ ਜੋਨਾਥਨ ਕੋਕਸ ਨੇ ਕਿਹਾ - ਸਾਡਾ ਪੂਰਾ ਧਿਆਨ ਲੋਕਾਂ ਦੀ ਜਾਨ ਬਚਾਉਣ ਉੱਤੇ ਹੈ। ਇਹ ਸਾਡੀ ਪਹਿਲੀ ਅਗੇਤ ਹੈ। ਅੱਗ ਉੱਤੇ ਕਾਬੂ ਪਾਉਣ ਲਈ ਸਾਰੀ ਸਮੱਗਰੀ ਇੱਥੇ ਮੌਜੂਦ ਹੈ। ਅਸੀਂ ਇੱਥੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।
- ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ। ਹਾਦਸੇ ਵਿੱਚ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਹੁਣ ਤੱਕ 100 ਤੋਂ ਜ਼ਿਆਦਾ ਜਖ਼ਮੀ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
- ਅੱਗ ਦੀ ਵਜ੍ਹਾ ਨਾਲ ਅਨੁਮਾਨਿਤ ਰੂਪ ਨਾਲ 1, 500 ਇਮਾਰਤਾਂ ਢਾਂਚੇ ਨਸ਼ਟ ਹੋ ਚੁੱਕੀਆਂ ਹਨ ਅਤੇ ਅੱਠ ਕਾਉਂਟੀ ਦੇ 57, 000 ਏਕੜ ਖੇਤਰ ਵਿੱਚ ਫੈਲੀ ਜ਼ਮੀਨ ਨਸ਼ਟ ਹੋ ਗਈ ਹੈ।
- ਦੱਸ ਦਈਏ ਕਿ ਅਮਰੀਕਾ ਇਸਤੋਂ ਪਹਿਲਾਂ ਇੱਕ ਮਹੀਨੇ ਦੇ ਅੰਦਰ ਦੋ ਵੱਡੇ ਤੂਫਾਨਾਂ ਨੂੰ ਝੇਲ ਚੁੱਕਿਆ ਹੈ। ਇਸ ਕੁਦਰਤੀ ਤਬਾਹੀ ਵਿੱਚ ਕਈ ਲੋਕ ਮਾਰੇ ਜਾ ਚੁੱਕੇ ਹਨ।