ਤੁਰਕੀ ਵਿਚ ਸੀਰੀਅਨ ਵਰਕਰ, ਪੱਤਰਕਾਰ ਬੇਟੀ ਦਾ ਕਤਲ

ਖ਼ਬਰਾਂ, ਕੌਮਾਂਤਰੀ

ਅੰਕਾਰਾ, 22 ਸਤੰਬਰ: ਤੁਰਕੀ ਦੀ ਸਮਾਚਾਰ ਏਜੰਸੀ ਨੇ ਕਿਹਾ ਹੈ ਕਿ ਇਸਤਾਂਬੁਲ ਵਿਚ ਇਕ ਸੀਰੀਅਨ ਵਰਕਰ ਅਤੇ ਉਸ ਦੀ ਪੱਤਰਕਾਰ ਬੇਟੀ ਦੀ ਉਨ੍ਹਾਂ ਦੇ ਘਰ ਵਿਚ ਹਤਿਆ ਕਰ ਦਿਤੀ ਗਈ ਹੈ।
ਇਕ ਨਿਊਜ਼ ਏਜੰਸੀ ਨੇ ਦਸਿਆ ਕਿ 60 ਸਾਲਾ ਅਰੂਬਾ ਬਰਕਤ ਅਤੇ ਉਸ ਦੀ 22 ਸਾਲਾ ਬੇਟੀ ਹਾਲਾ ਬਰਕਤ ਦੀਆਂ ਲਾਸ਼ਾਂ ਬੀਤੇ ਦਿਨ ਉਦੋਂ ਮਿਲੀਆਂ  ਜਦੋਂ ਹਾਲਾ ਦੇ ਕੰਮ 'ਤੇ ਨਾ ਪਹੁੰਚਣ ਕਾਰਨ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਤੁਰਕੀ ਵਿਚ ਵਰਕਰਾਂ 'ਤੇ ਲੜੀਵਾਰ ਹਮਲੇ ਹੁੰਦੇ ਰਹੇ ਹਨ। ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਤੁਰਕੀ ਵਿਚ ਚਾਰ ਪੱਤਰਕਾਰਾਂ ਦੀ ਹਤਿਆ ਦੀ ਜ਼ਿੰਮੇਵਾਰੀ ਲਈ ਹੈ।
ਸੀਰੀਆ ਦੇ ਬਾਗੀ ਵਰਕਰਾਂ ਮੁਤਾਬਕ ਅਰੂਬਾ ਸੀਰੀਅਨ ਨੈਸ਼ਨਲ ਕੌਂਸਲ ਦੀ ਮੈਂਬਰ ਸੀ। ਉਨ੍ਹਾਂ ਨੇ ਸੀਰੀਆ ਦੇ ਰਾਸ਼ਟਰਪਤੀ ਵਿਰੁਧ ਵਿਦਰੋਹ ਦਾ ਸਮਰਥਨ ਕੀਤਾ ਸੀ ਪਰ ਨਾਲ ਹੀ ਬਾਗ਼ੀਆਂ ਦੇ ਕੁੱਝ ਹਿੱਸਿਆਂ ਦੀ ਨਿੰਦਾ ਵੀ ਕੀਤੀ ਸੀ। ਅਰੂਬਾ ਦੀ ਬੇਟੀ ਬਾਗ਼ੀਆਂ ਦੇ ਮੀਡੀਆ ਸਮੂਹ 'ਉਰੀਅੰਟ ਨਿਊਜ਼' ਲਈ ਕੰਮ ਕਰ ਰਹੀ ਸੀ। ਇਕ ਨਿਊਜ਼ ਏਜੰਸੀ ਨੇ ਕਿਹਾ ਕਿ ਇਨ੍ਹਾਂ ਔਰਤਾਂ ਦੇ ਸਰੀਰ 'ਤੇ ਚਾਕੂ ਦੇ ਨਿਸ਼ਾਨ ਮਿਲੇ ਹਨ। (ਪੀ.ਟੀ.ਆਈ)