ਮਾਊਂਟ ਮਾਨਗਨੂਈ : ਪ੍ਰਿਥਵੀ ਸ਼ਾਹ (94 ਦੌਡ਼ਾਂ) ਦੀ ਜ਼ਬਰਦਸਤ ਸੈਂਕਡ਼ੇ ਵਾਲੀ ਪਾਰੀ ਤੋਂ ਬਾਅਦ ਸ਼ਿਵਮ ਮਾਵੀ ਅਤੇ ਕਮਲੇਸ਼ ਨਾਗਰਕੋਟੀ (3-3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੰਡਰ-19 ਨੇ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕਰਦੇ ਹੋਏ ਐਤਵਾਰ ਆਸਟ੍ਰੇਲੀਆ ਨੂੰ 100 ਦੌਡ਼ਾਂ ਨਾਲ ਹਰਾ ਦਿੱਤਾ।
ਭਾਰਤ ਅੰਡਰ-19 ਕ੍ਰਿਕਟ ਟੀਮ
ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਨਿਰਧਾਰਿਤ 50 ਓਵਰਾਂ 'ਚ 7 ਵਿਕਟਾਂ 'ਤੇ 328 ਦੌਡ਼ਾਂ ਦਾ ਵੱਡਾ ਸਕੋਰ ਖਡ਼੍ਹਾ ਕਰ ਦਿੱਤਾ। ਇਸ ਦੇ ਜਵਾਬ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ 42.5 ਓਵਰਾਂ 'ਚ 228 ਦੌਡ਼ਾਂ 'ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਲਈ ਉਸ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਹਰਫਨਮੌਲਾ ਪ੍ਰਦਰਸ਼ਨ ਕੀਤਾ ਅਤੇ ਓਪਨਰਾਂ ਪ੍ਰਿਥਵੀ ਤੇ ਮਨਜੋਤ ਕਾਲਡ਼ਾ ਨੇ ਪਹਿਲੀ ਵਿਕਟ ਲਈ 180 ਦੌਡ਼ਾਂ ਦੀ ਸਾਂਝੇਦਾਰੀ ਕਰ ਕੇ ਮੈਚ ਦੀ ਮਜ਼ਬੂਤ ਨੀਂਹ ਰੱਖੀ।
ਪ੍ਰਿਥਵੀ ਨੇ 100 ਗੇਂਦਾਂ ਦੀ ਪਾਰੀ ਵਿਚ 8 ਚੌਕੇ ਤੇ 2 ਛੱਕੇ ਲਾ ਕੇ 94 ਦੌਡ਼ਾਂ ਦੀ ਮਜ਼ਬੂਤ ਪਾਰੀ ਖੇਡੀ, ਹਾਲਾਂਕਿ ਉਹ ਆਪਣੇ ਸੈਂਕਡ਼ੇ ਤੋਂ 6 ਦੌਡ਼ਾਂ ਦੂਰ ਰਹਿ ਗਿਆ ਤੇ ਆਸਟ੍ਰੇਲੀਆਈ ਗੇਂਦਬਾਜ਼ ਵਿਲ ਸਦਰਲੈਂਡ ਨੇ ਉਸ ਨੂੰ ਆਊਟ ਕਰ ਕੇ ਭਾਰਤ ਦੀ ਪਹਿਲੀ ਵਿਕਟ ਕੱਢੀ। ਮਨਜੋਤ ਨੇ 99 ਗੇਂਦਾਂ ਦੀ ਪਾਰੀ ਵਿਚ 12 ਚੌਕੇ ਤੇ ਇਕ ਛੱਕਾ ਲਾ ਕੇ 86 ਦੌਡ਼ਾਂ ਬਣਾਈਆਂ ਤੇ ਤੀਜੇ ਬੱਲੇਬਾਜ਼ ਸ਼ੁਭਮ ਗਿੱਲ ਨੇ ਵੀ ਅਰਧ ਸੈਂਕਡ਼ਾ ਲਾਇਆ ਤੇ ਭਾਰਤ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ।
ਸ਼ੁਭਮ ਨੇ 54 ਗੇਂਦਾਂ ਦੀ ਪਾਰੀ 'ਚ 6 ਚੌਕੇ ਤੇ 1 ਛੱਕਾ ਲਾਇਆ ਤੇ 63 ਦੌਡ਼ਾਂ ਬਣਾਈਆਂ। ਭਾਰਤ ਦੇ ਤਿੰਨੋਂ ਓਪਨਿੰਗ ਬੱਲੇਬਾਜ਼ਾਂ ਨੇ ਅਰਧ ਸੈਂਕਡ਼ੇ ਬਣਾਏ। ਹਿਮਾਂਸ਼ੂ ਰਾਣਾ 14 ਦੌਡ਼ਾਂ ਬਣਾ ਕੇ, ਜਦਕਿ ਸ਼ੁਭਮ 272 ਦੌਡ਼ਾਂ ਦੇ ਸਕੋਰ 'ਤੇ ਚੌਥੇ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਇਆ। ਹੇਠਲੇਕ੍ਰਮ ਵਿਚ ਅਭਿਸ਼ੇਕ ਸ਼ਰਮਾ ਨੇ 23 ਦੌਡ਼ਾਂ ਦਾ ਯੋਗਦਾਨ ਦਿੱਤਾ।
ਨਾਗਰਕੋਟੀ (11) ਤੇ ਆਰੀਅਨ ਜੁਆਲ (8) ਅਜੇਤੂ ਰਹੇ। ਪ੍ਰਿਥਵੀ ਸ਼ਾਹ ਨੂੰ ਉਸ ਦੀ ਪਾਰੀ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਭਾਰਤ ਤੋਂ ਮਿਲੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਦੀ ਵੀ ਮੈਚ 'ਚ ਚੰਗੀ ਸ਼ੁਰੂਆਤ ਰਹੀ ਤੇ ਐਡਵਰਡਸ (73) ਤੇ ਮੈਕਸ ਬ੍ਰਾਇੰਟ (29) ਨੇ ਪਹਿਲੀ ਵਿਕਟ ਲਈ 57 ਦੌਡ਼ਾਂ ਜੋਡ਼ੀਆਂ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਮਾਵੀ ਤੇ ਨਾਗਰਕੋਟੀ ਨੇ ਆਸਟ੍ਰੇਲੀਆ ਦੇ ਮੱਧਕ੍ਰਮ ਤੇ ਹੇਠਲੇਕ੍ਰਮ ਨੂੰ ਟਿਕਣ ਨਹੀਂ ਦਿੱਤਾ। ਬੈਕਸਟਰ ਹੋਲਟ (39) ਨੂੰ ਮਾਵੀ ਨੇ ਐੱਲ. ਬੀ. ਡਬਲਯੂ. ਕਰ ਕੇ ਆਸਟ੍ਰੇਲੀਆ ਦੀ ਆਖਰੀ ਵਿਕਟ ਕੱਢੀ ਤੇ ਪੂਰੀ ਟੀਮ 228 ਦੌਡ਼ਾਂ 'ਤੇ ਢੇਰ ਹੋ ਗਈ। ਭਾਰਤੀ ਟੀਮ ਵਲੋਂ ਮਾਵੀ ਨੇ 8.5 ਓਵਰਾਂ 'ਚ 45 ਦੌਡ਼ਾਂ 'ਤੇ 3 ਵਿਕਟਾਂ ਤੇ ਨਾਗਰਕੋਟੀ ਨੇ 29 ਦੌਡ਼ਾਂ 'ਤੇ 3 ਵਿਕਟਾਂ ਲਈਆਂ। ਅਭਿਸ਼ੇਕ ਤੇ ਏ. ਐੱਸ. ਰਾਏ ਨੂੰ 1-1 ਵਿਕਟ ਮਿਲੀ।