UK ਵੱਲੋਂ 5ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 'ਚ ਮੁੰਡੇ ਤੇ ਕੁੜੀਆਂ ਨੇ ਦਿਖਾਏ ਜ਼ੌਹਰ

ਖ਼ਬਰਾਂ, ਕੌਮਾਂਤਰੀ

ਚਿਗਵੈੱਲ: ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਮੈਥਵਿਕ ਦੀ ਟੀਮ ਨੇ ਗੱਤਕਾ ਫੈਡਰੇਸ਼ਨ ਯੂ. ਕੇ. ਵੱਲੋਂ ਕਰਵਾਈ ਗਈ 5ਵੀਂ ਇਕ ਦਿਨਾ ਯੂ. ਕੇ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ 12 ਤੋਂ 14 ਸਾਲ ਦੇ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚਿਗਵੈੱਲ 'ਚ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤਕ ਕਰਵਾਈ ਗਈ ਇਸ ਗੱਤਕਾ ਚੈਂਪੀਅਨਸ਼ਿਪ ਦੇ 15 ਤੋਂ 17 ਸਾਲ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿਚ ਦਮਦਮੀ ਟਕਸਾਲ ਅਖਾੜਾ ਡਰਬੀ ਦੇ ਅਕਾਸ਼ਦੀਪ ਸਿੰਘ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਮੈਥਵਿਕ ਜਸਲੀਨ ਕੌਰ ਜੇਤੂ ਰਹੀ। 

ਇਸੇ ਤਰ੍ਹਾਂ 18 ਸਾਲ ਤੋਂ ਉਪਰ ਦੇ ਲੜਕਿਆਂ ਦੇ ਮੁਕਾਬਲੇ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਮੈਥਵਿਕ ਅਖਾੜਾ ਦੇ ਖਿਡਾਰੀ ਜੇਤੂ ਰਹੇ ਜਦਕਿ ਲੜਕੀਆਂ ਦੇ ਵਰਗ ਵਿਚ ਦਮਦਮੀ ਟਕਸਾਲ ਡਰਬੀ ਅਖਾੜਾ ਦੀ ਉਪਦੇਸ਼ ਕੌਰ ਜੇਤੂ ਰਹੀ।ਕੋਟ ਸ੍ਰੀ ਗੁਰੂ ਸਿੰਘ ਸਭਾ ਬਾਰਕਿੰਗ ਅਤੇ ਸੈਵਨ ਕਿੰਗਜ਼ ਸਹਿਯੋਗ ਨਾਲ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿਚ ਇੰਗਲੈਂਡ ਦੀਆਂ ਪ੍ਰਮੁੱਖ ਟੀਮਾਂ ਨੇ ਹਿੱਸਾ ਲਿਆ। ਡਾ. ਐੱਸ. ਪੀ. ਸਿੰਘ ਓਬਰਾਏ ਅਤੇ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਯਤਨਾ ਸਦਕਾ ਹੀ ਉਹ ਲਗਾਤਾਰ ਇਸ ਚੈਂਪੀਅਨਸ਼ਿਪ ਨੂੰ ਕਰਵਾ ਰਹੇ ਹਨ। 

ਪਹਿਲਾ ਟੂਰਨਾਮੈਂਟ ਗਰੇਵਸੈਂਡ ਸ਼ਹਿਰ ਕੈਂਟ, ਦੂਜਾ ਟੂਰਨਾਮੈਂਟ ਦੇਸ਼ ਦੇ ਉੱਤਰੀ ਹਿੱਸੇ ਡਰਬੀ ਵਿਚ ਕਰਵਾਇਆ ਗਿਆ। ਤੀਸਰਾ ਟੂਰਨਾਮੈਂਟ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਚੌਥੇ ਸਾਲ ਦਾ ਟੂਰਨਾਮੈਂਟ ਮਿਡਲੈਂਡ ਬਰਮਿੰਘਮ ਵਿਚ ਕਰਵਾਇਆ ਗਿਆ ਅਤੇ ਹੁਣ ਪੰਜਵੇਂ ਸਾਲ ਸਿੰਘ ਸਭਾ ਈਸਟ ਲੰਡਨ ਬਾਰਕਿੰਗ ਅਤੇ ਸੈਵਨ ਕਿੰਗਸ ਗੁਰਦੁਆਰਾ ਕਮੇਟੀ ਵਲੋਂ ਕੀਤੀ ਗਈ।