'ਉਤਰ ਕੋਰੀਆ ਨੂੰ ਧਮਕੀ ਦੇਣ ਦੀ ਟਰੰਪ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ'

ਖ਼ਬਰਾਂ, ਕੌਮਾਂਤਰੀ

ਸੋਲ, 22 ਸਤੰਬਰ: ਉਤਰ ਕੋਰੀਆ ਦੇ ਨੇਤਾ ਕਿਮ ਯੋਂਗ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਗਲ ਦਸਦੇ ਹੋਏ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਸੰਯੁਕਤ ਰਾਸ਼ਟਰ ਵਿਚ ਉਨ੍ਹਾਂ ਦੇ ਦੇਸ਼ ਦੇ ਤਬਾਹੀ ਸਬੰਧੀ ਬਿਆਨ ਦੇਣ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ। ਉਤਰ ਕੋਰੀਆ ਦੇ ਵਿਦੇਸ਼ ਮੰਤਰੀ ਨੇ ਸੰਕੇਤ ਦਿਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਪ੍ਰਸ਼ਾਂਤ ਮਹਾਸਾਗਰ ਉਪਰ ਪ੍ਰਮਾਣੂ ਬੰਬ ਨਾਲ ਧਮਾਕਾ ਕਰ ਸਕਦਾ ਹੈ। ਇਸ ਤੋਂ ਪਹਿਲਾਂ ਕੋਰੀਆ ਨੇ ਪਾਵਰ ਗ੍ਰੇਡ ਛੱਡਣ ਦੀ ਧਮਕੀ ਦਿਤੀ ਸੀ।
ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਅਪਣੇ ਪਹਿਲੇ ਭਾਸ਼ਨ ਵਿਚ ਉੱਤਰ ਕੋਰੀਆ ਨੂੰ ਬਰਬਾਦ ਕਰਨ ਦੀ ਧਮਕੀ ਦਿਤੀ ਸੀ। ਟਰੰਪ ਨੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਉਨ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ 'ਰੌਕੇਟ ਮੈਨ' ਕਿਹਾ ਸੀ। ਟਰੰਪ ਨੇ ਕਿਹਾ ਸੀ ਕਿ ਕਿਮ ਨੂੰ ਨਹੀਂ ਪਤਾ ਕਿ ਉਹ ਖ਼ੁਦਕੁਸ਼ੀ ਕਰਨ ਦੇ ਰਸਤੇ 'ਤੇ ਤੁਰ ਰਿਹਾ ਹੈ। ਅਧਿਕਾਰਕ ਏਜੰਸੀ ਮੁਤਾਬਕ ਕਿਮ ਨੇ ਕਿਹਾ,''ਟਰੰਪ ਨੇ ਦੁਨੀਆਂ ਦੀਆਂ ਅੱਖਾਂ ਸਾਹਮਣੇ ਮੇਰਾ ਅਤੇ ਮੇਰੇ ਦੇਸ਼ ਦਾ ਅਪਮਾਨ ਕੀਤਾ ਅਤੇ ਇਤਿਹਾਸ ਵਿਚ ਸੱਭ ਤੋਂ ਭਿਆਨਕ ਯੁੱਧ ਦੀ ਘੋਸ਼ਣਾ ਕੀਤੀ ਹੈ।
ਉਤਰ ਕੋਰੀਆ ਦੇ ਵਿਦੇਸ਼ ਮੰਤਰੀ ਰਿ ਯਾਂਗ ਹੋ ਨੇ ਕਿਹਾ ਕਿ ਪਿਉਂਗਯਾਂਗ ਅਪਣੇ ਖੇਤਰ ਦੇ ਬਾਹਰ ਪ੍ਰਮਾਣੂ ਬੰਬ ਨਾਲ ਧਮਾਕਾ ਕਰਨ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਇਹ ਪ੍ਰਮਾਣੂ ਬੰਬ ਪ੍ਰੀਖਣ ਹੋ ਸਕਦਾ ਹੈ। ਜੇਕਰ ਯੂਐਸ ਉਸ ਵਿਰੁਧ ਕਿਸੇ ਵੀ ਤਰ੍ਹਾਂ ਦੀ ਫ਼ੌਜੀ ਕਾਰਵਾਈ ਕਰਦਾ ਹੈ ਤਾਂ ਉਹ ਅਪਣਾ ਪ੍ਰਮਾਣੂ ਬੰਬ ਪ੍ਰਸ਼ਾਂਤ ਮਹਾਸਾਗਰ ਵਿਚ ਸੁੱਟੇਗਾ।
ਟਰੰਪ ਦੇ ਨਵੇਂ ਕਾਰਜਕਾਰੀ ਆਦੇਸ਼ ਦੇ ਚਲਦਿਆਂ ਉਨ੍ਹਾਂ ਕੰਪਨੀਆਂ ਦੇ ਅਮਰੀਕਾ ਵਿਚ ਸੰਚਾਲਨ 'ਤੇ ਰੋਕ ਹੋਵੇਗੀ ਜਿਸ ਦਾ ਲੈਣ ਦੇਣ ਉਤਰ ਕੋਰੀਆ ਨਾਲ ਹੋਵੇਗਾ। ਕਿਮ ਦਾ ਇਹ ਬਿਆਨ ਉਤਰ ਕੋਰੀਆ ਦੇ ਅਖ਼ਬਾਰਾਂ ਵਿਚ ਅੱਜ ਪ੍ਰਕਾਸ਼ਤ ਹੋਇਆ। (ਪੀ.ਟੀ.ਆਈ)