ਵੈਨੇਜ਼ੁਏਲਾ 'ਚ ਅਮਰੀਕੀ ਰਾਜਦੂਤ ਦੀ ਸਖ਼ਤ ਬਿਆਨਬਾਜ਼ੀ ਦੀ ਕੀਤੀ ਆਲੋਚਨਾ

ਖ਼ਬਰਾਂ, ਕੌਮਾਂਤਰੀ

ਕਰਾਕਾਸ, 23 ਫ਼ਰਵਰੀ : ਵੈਨੇਜ਼ੁਏਲਾ ਦੀ ਸੰਸਦ ਦੇ ਪ੍ਰਮੁੱਖ ਨੇ ਵੈਨੇਜ਼ੁਏਲਾ ਵਿਚ ਅਮਰੀਕੀ ਰਾਜਦੂਤ 'ਤੇ ਫ਼ੌਜੀ ਤਖ਼ਤਾ ਪਲਟ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਅਤੇ ਨਾਲ ਹੀ ਰਾਜਦੂਤ ਵਿਰੁਧ ਜਵਾਬੀ ਡਿਪਲੋਮੈਟਿਕ ਕਦਮ ਚੁਕਣ ਦੀ ਧਮਕੀ ਦਿਤੀ ਹੈ। ਹਾਲਾਂਕਿ ਪ੍ਰਮੁੱਖ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਨੂੰ ਕੱਢ ਦਿਤਾ ਜਾਵੇਗਾ।ਰਾਸ਼ਟਰੀ ਸੰਵਿਧਾਨ ਸਭਾ ਦੀ ਪ੍ਰਧਾਨ ਡੇਲਸੀ ਰੌਡਰੀਗਜ਼ ਨੇ ਅਮਰੀਕੀ ਰਾਜਦੂਤ ਟੌਡ ਰਾਬਿਨਸਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਟਵੀਟ ਕੀਤੇ।ਅਸਲ ਵਿਚ ਅਮਰੀਕੀ ਰਾਜਦੂਤ ਨੇ ਇਕ ਸਥਾਨਕ ਆਨਲਾਈਨ ਪ੍ਰਕਾਸ਼ਨ ਨੂੰ ਇੰਟਰਵਿਊ ਦਿਤਾ ਸੀ ਜਿਸ ਵਿਚ ਉਨ੍ਹਾਂ ਨੇ ਵੈਨੇਜ਼ੁਏਲਾ ਸਰਕਾਰ ਦੀ ਆਲੋਚਨਾ ਕੀਤੀ ਸੀ। ਇਸ ਇੰਟਰਵਿਊ ਵਿਚ ਰਾਬਿਨਸਨ ਨੇ ਪਬਲੀਕੇਸ਼ਨ ਨੂੰ ਕਿਹਾ ਸੀ ਕਿ ਅਜਿਹੀ ਸੰਭਾਵਨਾ ਹੈ ਕਿ ਅਮਰੀਕਾ-ਵੈਨੇਜ਼ੁਏਲਾ ਦੇ ਮਹੱਤਵਪੂਰਣ ਤੇਲ ਸੈਕਟਰ 'ਤੇ ਪਾਬੰਦੀ ਲਗਾ ਸਕਦਾ ਹੈ।

 ਇਨ੍ਹਾਂ ਪਾਬੰਦੀਆਂ ਵਿਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਵੱਡੀ ਗਿਣਤੀ ਵਿਚ ਖ਼ਾਸ ਸਰਕਾਰੀ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਰਾਬਿਨਸਨ ਨੇ ਕਿਹਾ ਕਿ ਸਾਰੇ ਵਿਕਲਪ ਸਾਹਮਣੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 22 ਅਪ੍ਰੈਲ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੋਣ ਪ੍ਰਕਿਰਿਆ ਦੀ ਆਲੋਚਨਾ ਕੀਤੀ। ਮਾਦੁਰੋ ਦੁਬਾਰਾ ਸੱਤਾ ਵਿਚ ਆਉਣ ਲਈ ਚੋਣ ਲੜ ਰਹੇ ਹਨ। ਰਾਬਿਨਸਨ ਨੇ ਕਿਹਾ ਕਿ ਦੇਸ਼ ਦੇ ਭਵਿੱਖ ਵਿਚ ਵੈਨੇਜ਼ੁਏਲਾ ਦੀ ਫ਼ੌਜ ਦਾ ਕਾਫ਼ੀ ਪ੍ਰਭਾਵ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਕ ਰਾਜਦੂਤ ਹੋਣ ਦੇ ਨਾਤੇ ਉਹ ਮਿਲਟਰੀ ਤਖ਼ਤਾ ਪਲਟ ਦਾ ਸਮਰਥਨ ਨਹੀਂ ਕਰਦੇ। ਇਸ ਬਿਆਨਬਾਜ਼ੀ 'ਤੇ ਰੌਡਰੀਗਜ਼ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਲੋਕਾਂ ਦੇ ਸਨਮਾਨ ਦੀ ਰਖਿਆ ਲਈ ਕੋਈ ਕਦਮ ਚੁਕਣ ਤੋਂ ਪਹਿਲਾਂ ਸੰਵਿਧਾਨ ਸਭਾ ਉਨ੍ਹਾਂ ਦੀਆਂ ਟਿਪਣੀਆਂ ਦੀ ਸਮੀਖਿਆ ਕਰੇਗੀ। ਫ਼ਿਲਹਾਲ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿਚ ਕੋਈ ਟਿਪਣੀ ਨਹੀਂ ਕੀਤੀ। (ਪੀ.ਟੀ.ਆਈ)