ਵਾਸ਼ਿੰਗਟਨ ਟ੍ਰੇਨ ਹਾਦਸੇ 'ਚ 6 ਦੀ ਮੌਤ, ਕਈ ਜਖ਼ਮੀ

ਖ਼ਬਰਾਂ, ਕੌਮਾਂਤਰੀ

ਸੋਮਵਾਰ ਨੂੰ ਤੇਜ਼ ਤੇ ਨਵੇਂ ਰੂਟ ਉੱਤੇ ਜਾ ਰਹੀ ਰੇਲਗੱਡੀ ਅਚਾਨਕ ਸੀਆਟਲ ਦੇ ਦੱਖਣ ਵਿੱਚ ਪਟੜੀ ਤੋਂ ਉਤਰ ਗਈ। ਇਸ ਨਾਲ ਗੱਡੀ ਦੇ ਕੁੱਝ ਡੱਬੇ ਹੇਠਾਂ ਹਾਈਵੇਅ ਉੱਤੇ ਵੀ ਜਾ ਡਿੱਗੇ। ਇਸ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਸਮੇਂ ਗੱਡੀ ਨੂੰ ਹਾਦਸਾ ਪੇਸ਼ ਆਇਆ ਤਾਂ ਇਸ ਵਿੱਚ 77 ਯਾਤਰੀ ਤੇ ਅਮਲੇ ਦੇ 7 ਮੈਂਬਰ ਮੌਜੂਦ ਸਨ। ਹਾਦਸੇ ਦੌਰਾਨ ਗੱਡੀ ਦੀਆਂ 13 ਬੋਗੀਆਂ ਲੀਹ ਤੋਂ ਲੱਥ ਗਈਆਂ।

ਅਧਿਕਾਰੀਆਂ ਨੇ ਦੱਸਿਆ ਕਿ 50 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਦਰਜਨਾਂ ਦੀ ਹਾਲਤ ਗੰਭੀਰ ਹੈ। ਹਾਦਸੇ ਦੀ ਜਾਣਕਾਰੀ ਦੇਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹੋ ਸਾਹਮਣੇ ਆਇਆ ਹੈ ਕਿ ਗੱਡੀ 501 ਲੀਹ ਤੋਂ ਉਤਰਨ ਤੋਂ ਪਹਿਲਾਂ ਕਿਸੇ ਚੀਜ਼ ਨਾਲ ਟਕਰਾਈ। ਹਾਦਸਾ ਸੀਆਟਲ ਤੋਂ 64 ਕਿਲੋਮੀਟਰ ਦੱਖਣ ਵੱਲ ਵਾਪਰਿਆ। 

ਪੀਅਰਸ ਕਾਊਂਟੀ ਸ਼ੈਰਿਫ ਆਫਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਟਰਸਟੇਟ 5 ਹਾਈਵੇਅ ਉੱਤੇ ਜਾ ਰਹੀਆਂ ਗੱਡੀਆਂ ਨੂੰ ਵੀ ਰੇਲਗੱਡੀ ਦੀਆਂ ਬੋਗੀਆਂ ਹੇਠਾਂ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ। ਇਸ ਨਾਲ ਹੇਠਾਂ ਕਾਰਾਂ ਵਿੱਚ ਜਾ ਰਹੇ ਕਈ ਲੋਕ ਵੀ ਜ਼ਖ਼ਮੀ ਹੋ ਗਏ ਪਰ ਕਿਸੇ ਵੀ ਕਾਰ ਸਵਾਰ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਹਾਦਸੇ ਤੋਂ ਤੁਰੰਤ ਬਾਅਦ ਕੀਤੇ ਗਏ ਰੇਡੀਓ ਟਰਾਂਸਮਿਸ਼ਨ ਵਿੱਚ ਕੰਡਕਟਰ ਵੱਲੋਂ ਦੱਸਿਆ ਗਿਆ ਕਿ ਇੱਕ ਮੋੜ ਕੱਟਣ ਤੋਂ ਬਾਅਦ ਜਦੋਂ ਗੱਡੀ ਇੰਟਰਸਟੇਟ 5 ਉੱਤੇ ਬਣੇ ਪੁਲ ਤੋਂ ਲੰਘਣ ਲੱਗੀ ਤਾਂ ਉਹ ਹਾਦਸਾ-ਗ੍ਰਸਤ ਹੋ ਗਈ। 

ਹਾਦਸੇ ਤੋਂ ਤਿੰਨ ਘੰਟੇ ਬਾਅਦ ਕੀਤੇ ਟਵੀਟ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਕਿ ਇਸੇ ਲਈ ਅਸੀਂ ਇਨਫਰਾਸਟ੍ਰਕਚਰ ਉੱਤੇ ਵੱਧ ਖਰਚਾ ਕਰਨ ਲਈ ਜ਼ੋਰ ਲਾ ਰਹੇ ਹਾਂ। ਉਨ੍ਹਾਂ ਆਖਿਆ ਕਿ ਇਸ ਹਾਦਸੇ ਨੇ ਦਰਸਾ ਦਿੱਤਾ ਹੈ ਕਿ ਇਸ ਸਮੇਂ ਸਾਡੇ ਵੱਲੋਂ ਜਲਦ ਹੀ ਜਮ੍ਹਾਂ ਕਰਵਾਏ ਜਾਣ ਵਾਲੇ ਇਨਫਰਾਸਟ੍ਰਕਚਰ ਪਲੈਨ ਨੂੰ ਮਨਜ਼ੂਰੀ ਦੇਣ ਦਾ ਸਮਾਂ ਆ ਗਿਆ ਹੈ। 

ਇਹ ਹਾਦਸਾ ਅਜੇ ਨਵੇਂ ਬਣੇ ਬਾਇਪਾਸ ਉੱਤੇ ਵਾਪਰਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਦੱਸਿਆ ਕਿ ਜਾਂਚਕਾਰਾਂ ਦੀ ਟੀਮ ਵਾਸਿ਼ੰਗਟਨ, ਡੀਸੀ ਤੋਂ ਮੌਕੇ ਉੱਤੇ ਪਹੁੰਚਣ ਵਾਲੀ ਹੈ। ਲੀਹ ਤੋਂ ਲੱਥਣ ਤੋਂ ਪਹਿਲਾਂ ਗੱਡੀ 81.1 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਹੀ ਸੀ।