ਵੀਅਤਨਾਮ 'ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 37 ਮੌਤਾਂ

ਖ਼ਬਰਾਂ, ਕੌਮਾਂਤਰੀ

ਹਨੋਈ, 12 ਅਕਤੂਬਰ : ਉੱਤਰੀ ਅਤੇ ਮੱਧ ਸੂਬਿਆਂ 'ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 37 ਲੋਕ ਮਾਰੇ ਗਏ ਅਤੇ 40 ਹੋਰ ਲਾਪਤਾ ਹੋ ਗਏ। ਇਹ ਜਾਣਕਾਰੀ ਆਪਦਾ ਪ੍ਰਬੰਧਨ ਅਧਿਕਾਰੀਆਂ ਨੇ ਦਿਤੀ। ਭਾਰੀ ਮੀਂਹ ਨੇ ਇਸ ਹਫ਼ਤੇ ਦੇਸ਼ ਦੇ ਵੱਡੇ ਹਿੱਸੇ ਨੂੰ ਅਪਣੀ ਲਪੇਟ 'ਚ ਲੈ ਲਿਆ, ਜਿਸ 'ਚ ਉੱਤਰੀ ਹੋਆ ਬਿਨ ਸੂਬਾ ਸੱਭ ਤੋਂ ਵੱਧ ਪ੍ਰਭਾਵਤ ਹੋਇਆ। ਉਥੇ 11 ਲੋਕਾਂ ਦੀ ਮੌਤ ਹੋ ਗਈ ਅਤੇ 21 ਲਾਪਤਾ ਹਨ।

ਏਜੰਸੀ ਨੇ ਦਸਿਆ ਕਿ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਇਹ ਮੌਤਾਂ ਹੋਈਆਂ ਹਨ। ਤੇਜ਼ ਮੀਂਹ ਕਾਰਨ ਪ੍ਰਮੁੱਖ ਡੈਮਾਂ 'ਚ ਪਾਣੀ ਦਾ ਪੱਧਰ ਵੱਧ ਜਾਣ ਨਾਲ ਇਸ ਨੂੰ ਛੱਡਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਅਤੇ ਇਸ ਕਾਰਨ ਤਟਵਰਤੀ ਖੇਤਰਾਂ ਨੂੰ ਹੜ੍ਹ ਵਰਗੇ ਹਲਾਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ 17 ਹਜ਼ਾਰ ਲੋਕਾਂ ਨੂੰ ਬਾਹਰ ਕਢਿਆ ਗਿਆ ਹੈ ਅਤੇ 200 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ। ਪਾਣੀ ਜਮਾਂ ਹੋਣ  ਦੇ ਕਾਰਨ 8 ਹਜ਼ਾਰ ਹੈਕਟੇਅਰ ਜ਼ਮੀਨ ਵਿਚ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਅਤੇ 40 ਹਜ਼ਾਰ ਮਵੇਸ਼ੀ ਜਾਂ ਤਾਂ ਮਾਰੇ ਗਏ ਅਤੇ ਰੁੜ ਗਏ ਹਨ। ਅਪਣੀ ਲੰਮੀ ਤਟੀ ਲਾਈਨ ਕਾਰਨ ਵੀਅਤਨਾਮ ਨੂੰ ਆਮ ਤੌਰ 'ਤੇ ਵਿਨਾਸ਼ਕਾਰੀ ਤੂਫ਼ਾਨਾਂ ਅਤੇ ਹੜ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ।                                         (ਪੀਟੀਆਈ)