ਵੀਅਤਨਾਮ 'ਚ ਟਰੰਪ ਤੇ ਪੁਤਿਨ ਇਕ ਵਾਰ ਫਿਰ ਰੂਬਰੂ ਹੋਏ

ਖ਼ਬਰਾਂ, ਕੌਮਾਂਤਰੀ

ਦਨਾਂਗ, 11 ਨਵੰਬਰ : ਵੀਅਤਨਾਮ ਦੇ ਦਨਾਂਗ ਸ਼ਹਿਰ ਵਿਚ ਹੋ ਰਹੇ ਏਸ਼ੀਆ ਪੈਸੇਫਿਕ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਦੋਨਾਂ ਨੇਤਾਵਾਂ ਦੀ ਇਸ ਗੱਲ ਦੀ ਸਹਿਮਤੀ ਬਣੀ ਕਿ ਸੀਰੀਆ ਦੇ ਹਾਲਾਤ ਯੁੱਧ ਨਾਲ ਨਹੀਂ ਬਦਲੇ ਜਾ ਸਕਦੇ।ਦੋਨਾਂ ਨੇਤਾਵਾਂ ਨੇ ਐਪੇਕ ਸੰਮੇਲਨ ਤੋਂ ਵੱਖ ਇਕ ਸੰਯੁਕਤ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿਤੀ। ਕ੍ਰੈਮਲਿਨ ਦੀ ਵੈਬਸਾਈਟ ਅਨੁਸਾਰ ਦੋਨਾਂ ਰਾਸ਼ਟਰਪਤੀਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਸੀਰੀਆ ਮੁੱਦੇ ਦਾ ਹੱਲ ਫ਼ੌਜੀ ਵਰਤੋਂ ਰਾਹੀਂ ਨਹੀਂ ਕੀਤਾ ਜਾ ਸਕਦਾ।

 ਦੋਨਾਂ ਨੇਤਾਵਾਂ ਨੇ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਖ਼ਾਤਮੇ ਪ੍ਰਤੀ ਅਪਣੀ ਵਚਨਬੱਧਤਾ ਨੂੰ ਦੁਹਰਾਇਆ।ਜ਼ਿਕਰਯੋਗ ਹੈ ਕਿ ਵੀਅਤਨਾਮ 'ਚ ਏਸ਼ੀਆ-ਪ੍ਰਸ਼ਾਂਤ ਆਰਥਕ ਸਹਿਯੋਗ ਦੇ ਤਹਿਤ 21 ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਦੌਰਾਨ ਟਰੰਪ ਅਤੇ ਪੁਤਿਨ ਨੇ ਇਕ-ਦੂਜੇ ਨਾਲ ਹੱਥ ਮਿਲਾਇਆ। 2016 ਦੀਆਂ ਅਮਰੀਕੀ ਚੋਣਾਂ 'ਚ ਰੂਸ ਦੇ ਦਖ਼ਲ ਦੀ ਜਾਂਚ ਨੂੰ ਵੇਖਦੇ ਹੋਏ ਦੋਹਾਂ ਵਿਸ਼ਵ ਨੇਤਾਵਾਂ ਵਿਚਾਲੇ ਕੋਈ ਵੀ ਸੰਪਰਕ ਨਹੀਂ ਵੇਖਿਆ ਗਿਆ। ਵ੍ਹਾਈਟ ਹਾਊਸ ਵਲੋਂ ਦਸਿਆ ਗਿਆ ਹੈ ਕਿ ਵੀਅਤਨਾਮ ਵਿਚ ਦੋਹਾਂ ਨੇਤਾਵਾਂ ਵਿਚਾਲੇ ਕੋਈ ਰਸਮੀ ਮੁਲਾਕਾਤ ਨਹੀਂ ਹੋਵੇਗੀ। (ਪੀਟੀਆਈ)