ਵਿਦੇਸ਼ਾਂ 'ਚ ਅਨੇਕਾਂ ਹੀ ਪੰਜਾਬੀ ਨੌਜਵਾਨਾਂ ਦੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਤੱਕ ਬਹੁਤ ਸਾਰੇ ਪੰਜਾਬੀ ਨੌਜਵਾਨ ਮਾਰੇ ਜਾ ਚੁੱਕੇ ਹਨ। ਪਰ ਅਜਿਹਾ ਕਿਉਂ ਹੋ ਰਿਹਾ ਹੈ। ਇਸ ਦਾ ਕਾਰਣ ਕੀ ਹੈ, ਕਿਉਂ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾ ਰਹੇ ਹਨ। ਕੁੱਝ ਚੁਣੀਂਦਾ ਪੰਜਾਬੀ ਨੌਜਵਾਨਾਂ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜਿਨ੍ਹਾਂ ਦਾ ਕਤਲ ਵਿਦੇਸ਼ੀ ਧਰਤੀ 'ਤੇ ਕੀਤਾ ਗਿਆ।
1. ਅਮਰੀਕਾ ਦੇ ਸ਼ਹਿਰ ਮਡੇਰਾ 'ਚ ਟਾਕਲ ਬਾਕਸ ਗੈਸ ਸਟੇਸ਼ਨ 'ਤੇ ਰਾਤ ਨੂੰ ਗਿਆਰਾਂ ਵਜੇ ਲੁੱਟਮਾਰ ਦੌਰਾਨ ਪੰਜਾਬੀ ਗੁਰਸਿੱਖ ਮੁੰਡਾ ਮਾਰਿਆ ਗਿਆ। ਮਾਰੇ ਗਏ ਪੰਜਾਬੀ ਨੌਜਵਾਨ ਦੀ ਪਛਾਣ ਧਰਮਪ੍ਰੀਤ ਸਿੰਘ ਜੱਸੜ (21) ਪਿੰਡ ਖੋਤੜ ਨੇੜੇ ਫਗਵਾੜਾ ਵਜੋਂ ਹੋਈ ਹੈ।
ਧਰਮਪ੍ਰੀਤ ਜੁੜਵਾ ਭੈਣ ਦਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਪੜ੍ਹਾਈ ਕਰਨ ਲਈ ਦੋ ਸਾਲ ਪਹਿਲਾਂ ਫਰਿਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਆਇਆ ਸੀ। ਉਸ ਦੇ ਦਾਦਾ-ਦਾਦੀ ਕੈਲੇਫੌਰਨੀਆ ਦੇ ਹੀ ਕਰਕਰਜ਼ ਸ਼ਹਿਰ ਵਿੱਚ ਰਹਿੰਦੇ ਹਨ, ਜਦੋਂ ਕਿ ਮਾਪੇ ਪਿੰਡ ਹੀ ਰਹਿੰਦੇ ਹਨ। ਲੁਟੇਰਿਆਂ ਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਇੱਕ 6 ਫੁੱਟ ਜੁਆਨ ਚੋਬਰ ਦੇ ਮੱਥੇ ਵਿੱਚ ਲੱਗੀ ਤੇ ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ।
2. ਮਿੰਨੀ ਪੰਜਾਬ ਸਾਊਥਾਲ 'ਚ 31 ਜੁਲਾਈ, 2016 ਨੂੰ ਕੁੱਝ ਲੋਕਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਿੰਦਰ ਸਿੰਘ ਦੇ ਮਾਮਲੇ ਵਿਚ ਪਲਵਿੰਦਰ ਮੁਲਤਾਨੀ ਨੇ ਸ਼ਮੂਲੀਅਤ ਕਬੂਲੀ ਹੈ ਪਰ ਉਸ ਨੇ ਕਤਲ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਓਲਡ ਬੇਲੀ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਟੂਡਰ ਰੋਡ, ਹੇਜ਼ ਵਾਨੀ ਨੇ ਇਸ ਕੇਸ ਦਾ ਸਾਹਮਣਾ ਕਰ ਰਹੇ 4 ਹੋਰ ਲੋਕਾਂ ਖਿਲਾਫ ਸਬੂਤ ਦੇਣ ਦੀ ਸਹਿਮਤੀ ਦਿੱਤੀ ਹੈ। 28 ਸਾਲਾ ਗੁਰਿੰਦਰ ਸਿੰਘ ਦੇ ਕਤਲ ਮਾਮਲੇ ਵਿਚ 4 ਹੋਰ ਲੋਕਾਂ ਖਿਲਾਫ 19 ਮਾਰਚ, 2018 ਨੂੰ ਸੁਣਵਾਈ ਹੋਵੇਗੀ। ਮੁਲਤਾਨੀ ਨੂੰ ਕੇਸ ਦੇ ਨਿਬੇੜੇ ਉਪਰੰਤ ਸਜ਼ਾ ਸੁਣਾਈ ਜਾਵੇਗੀ ਤਦ ਤੱਕ ਲਈ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਦਾ ਅਸਲ ਨਾਮ ਸੁਖਜਿੰਦਰ ਸਿੰਘ ਸੀ ਅਤੇ ਉਸ ਨੂੰ ਸਾਊਥਾਲ ਵਿਚ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
3. ਇਕ ਭਾਰਤੀ ਮੂਲ ਦੇ ਨੌਜਵਾਨ ਨੂੰ ਅਮਰੀਕਾ ਦੇ ਨਾਰਥ ਕੈਰੋਲੀਨਾ ਸੂਬੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਪਹਿਚਾਣ ਅਕਾਸ਼ ਤਾਲਾਤੀ (40) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਨਾਲ ਭਾਰਤ ਦੇ ਗੁਜਰਾਤ ਸੂਬੇ ਦਾ ਵਸਨੀਕ ਹੈ। ਅਕਾਸ਼ ਨਾਰਥ ਕੈਰੋਲੀਨਾ ਸੂਬੇ ਵਿਚ ਮੋਟਲ ਚਲਾਉਂਦਾ ਸੀ।
ਅਕਾਸ਼ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਕੁੱਝ ਅਣਪਛਾਤੇ ਲੁਟੇਰੇ ਮੋਟਲ ਵਿਚ ਸਵੇਰੇ ਤਕਰੀਬਨ 3:30 ਵਜੇ ਲੁੱਟ ਦੇ ਇਰਾਦੇ ਨਾਲ ਦਾਖ਼ਲ ਹੋਏ।
ਜਦ ਮੋਟਲ ਵਿਚ ਮੌਜੂਦ ਅਕਾਸ਼ ਤੇ ਹੋਰ ਕਰਮਚਾਰੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਕਤ ਲੁਟੇਰਿਆਂ ਨੇ ਓਪਨ ਫਾਇਰਿੰਗ ਕਰ ਦਿਤੀ। ਜਿਸ ਕਾਰਨ ਅਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਜ਼ਖਮੀ ਹੋਏ ਹੋਰ ਕਰਮਚਾਰੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ।
4. ਸਾਲ 2012 'ਚ ਕੈਨੇਡਾ 'ਚ ਰਹਿ ਰਹੇ ਜੈਸ਼ ਪ੍ਰਜਾਪਤੀ ਨਾਂ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਪੈਟਰੋਲ ਪੰਪ 'ਤੇ ਵਾਪਰੀ ਇਕ ਘਟਨਾ 'ਚ ਆਪਣੀ ਜਾਨ ਗੁਆਉਣੀ ਪਈ ਸੀ। ਇਸ ਮਾਮਲੇ ਦੀ ਸੁਣਵਾਈ ਮਗਰੋਂ ਅਦਾਲਤ ਨੇ ਮੈਕਸ ਐਡਵਿਨ ਟੁੱਟੀਵਾਨ ਨਾਂ ਦੇ ਵਿਅਕਤੀ ਨੂੰ ਜੈਸ਼ ਦੀ ਮੌਤ ਦਾ ਦੋਸ਼ੀ ਠਹਿਰਾਇਆ ਹੈ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 16 ਸਾਲਾਂ ਤੱਕ ਉਸ ਨੂੰ ਪੈਰੋਲ ਵੀ ਨਹੀਂ ਮਿਲ ਸਕਦੀ। ਅਦਾਲਤ 'ਚ ਮੈਕਸ ਦਾ ਇਹ ਭੇਦ ਵੀ ਖੁੱਲ੍ਹਾ ਕਿ ਉਹ ਕਈ ਹੋਰ ਅਪਰਾਧ ਵੀ ਕਰ ਚੁੱਕਾ ਹੈ। ਉਹ ਲਗਭਗ 800 ਵਾਰ ਤੇਲ ਭਰਵਾ ਕੇ ਪੈਸੇ ਦਿੱਤੇ ਬਿਨਾਂ ਹੀ ਭੱਜਦਾ ਰਿਹਾ ਹੈ । ਇਸ ਤੋਂ ਇਲਾਵਾ ਉਹ ਕਾਰਾਂ ਅਤੇ ਮੋਬਾਈਲ ਚੋਰੀ ਕਰਨ ਅਤੇ ਘਰਾਂ 'ਚ ਜਾ ਕੇ ਲੁੱਟ-ਮਾਰ ਕਰਨ ਵਰਗੀਆਂ ਘਟਨਾਵਾਂ ਦਾ ਵੀ ਦੋਸ਼ੀ ਹੈ।
ਮ੍ਰਿਤਕ ਜੈਸ਼ ਪ੍ਰਜਾਪਤੀ ਦੀ ਪਤਨੀ ਵੈਸ਼ਾਲੀ ਜੋ ਕੈਨੇਡਾ 'ਚ ਆਪਣੇ ਪੁੱਤਰ ਨਾਲ ਰਹਿ ਰਹੀ ਹੈ, ਨੇ ਕਿਹਾ ਕਿ ਉਨ੍ਹਾਂ ਨੇ ਇਕ ਦਿਨ 'ਚ ਆਪਣਾ ਸਭ ਕੁੱਝ ਗੁਆ ਲਿਆ ਹੈ।
ਮੈਕਸ ਦੀ ਭਾਲ ਲਈ ਉਨ੍ਹਾਂ 25,000 ਡਾਲਰ ਦਾ ਇਨਾਮ ਰੱਖ ਦਿੱਤਾ ਗਿਆ। ਇਨਾਮ ਰੱਖਣ ਦੇ ਦੋ ਦਿਨਾਂ ਬਾਅਦ ਮਾਂਟਰੀਅਲ 'ਚ ਮੈਕਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ 'ਤੇ ਕੇਸ ਚੱਲਿਆ। ਕੈਨੇਡਾ 'ਚ ਅਜਿਹੀਆਂ ਕਈ ਵਾਰ ਵਾਰਦਾਤਾਂ ਸਾਹਮਣੇ ਆਈਆਂ ਹਨ ਕਿ ਲੋਕ ਤੇਲ ਭਰਵਾ ਕੇ ਬਿਨਾਂ ਪੈਸੇ ਦਿੱਤੇ ਹੀ ਦੌੜ ਜਾਂਦੇ ਹਨ। ਇਨ੍ਹਾਂ ਤੇਲ ਚੋਰਾਂ ਨੂੰ ਅੜਿੱਕੇ 'ਚ ਲੈਣ ਲਈ ਵਿਧਾਨ ਸਭਾ 'ਚ ਨਵਾਂ ਬਿੱਲ ਪਾਸ ਕੀਤਾ ਗਿਆ ਸੀ ਜਿਸ ਦਾ ਨਾਂ ਜੈਸ਼ ਦੇ ਨਾਂ 'ਤੇ ਰੱਖਿਆ ਗਿਆ ਸੀ। ਜੈਸ਼ ਦੀ ਪਤਨੀ ਨੇ ਕਿਹਾ ਕਿ ਉਹ ਤੇ ਉਸ ਦਾ ਪੁੱਤ ਉਮਰਾਂ ਤੱਕ ਇਸ ਦੁੱਖ ਨੂੰ ਹੰਢਾਉਣਗੇ ਤੇ ਜੈਸ਼ ਦੀ ਯਾਦਾਂ ਨਾਲ ਹੀ ਬਾਕੀ ਜ਼ਿੰਦਗੀ ਕੱਟਣਗੇ।
5. ਰੋਜਗਾਰ ਦੀ ਤਲਾਸ਼ ਲਈ ਸੱਤ ਸਾਲ ਪਹਿਲਾਂ ਵਿਦੇਸ਼ ਗਏ ਇੱਕ ਜਵਾਨ ਦੀ ਹੱਤਿਆ ਹੋ ਗਈ ਹੈ। ਨੌਜਵਾਨ ਦੀ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿੱਚ ਲੁਟੇਰਿਆਂ ਨੇ ਹੱਤਿਆ ਕਰ ਦਿੱਤੀ। ਲੁਟੇਰਿਆਂ ਨੇ ਉਸਦੀ ਰਕਮ ਖੌਹ ਲਈ ਅਤੇ ਫਿਰ ਉਸਨੂੰ ਮਾਰ ਗਿਰਾਇਆ।
ਬੂਟਾ ਸਿੰਘ ਨਾਮਕ ਇਸ ਨੌਜਵਾਨ ਨੇ ਫਿਲੀਪੀਂਸ ਦੀ ਮੁਟਿਆਰ ਨਾਲ ਉੱਥੇ ਵਿਆਹ ਵੀ ਕਰ ਲਿਆ ਸੀ ਅਤੇ ਉਸਦਾ ਤਿੰਨ ਮਹੀਨੇ ਦਾ ਪੁੱਤਰ ਵੀ ਹੈ। ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੋਤਰੇ ਅਤੇ ਪੁੱਤ ਨੂੰਹ ਨੂੰ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਪਿੰਡ ਮੱਲ ਸਿੰਘ ਵਾਲੇ ਦੇ ਬਚਿੱਤਰ ਸਿੰਘ ਦਾ ਪੁੱਤਰ ਬੂਟਾ ਸਿੰਘ ਸੱਤ ਸਾਲ ਤੋਂ ਫਿਲੀਪੀਂਸ ਦੀ ਰਾਜਧਾਨੀ ਮਨੀਲੇ ਦੇ ਕੋਲ ਪਿੰਡ ਨਾਗਾਆਨ ਵਿੱਚ ਰਹਿ ਰਿਹਾ ਸੀ।
6. ਕੈਨੇਡਾ ਦੀ 25 ਸਾਲਾ ਪੰਜਾਬਣ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਦੀ 8 ਜੂਨ, 2000 'ਚ ਪੰਜਾਬ 'ਚ ਸੁਪਾਰੀ ਦੇ ਕੇ ਹੱਤਿਆ ਕਰਵਾ ਦਿੱਤੀ ਗਈ ਸੀ। ਮ੍ਰਿਤਕਾ ਜੱਸੀ ਦੀ ਮਾਂ 64 ਸਾਲਾ ਮਲਕੀਤ ਕੌਰ ਸਿੱਧੂ ਅਤੇ 68 ਸਾਲਾ ਮਾਮੇ ਸੁਰਜੀਤ ਸਿੰਘ ਬਦੇਸ਼ਾ ਦੀ 6 ਜਨਵਰੀ 2012 ਨੂੰ ਜੱਸੀ ਕਤਲ ਕੇਸ 'ਚ ਹੋਈ ਗ੍ਰਿਫਤਾਰੀ ਮਗਰੋਂ ਅਦਾਲਤ 'ਚ ਵੱਖ-ਵੱਖ ਗਵਾਹਾਂ ਵੱਲੋਂ ਬਿਆਨ ਦਰਜ ਕਰਵਾਏ ਗਏ।
ਪੰਜਾਬ ਦੇ ਜ਼ਿਲਾ ਲੁਧਿਆਣਾ 'ਚ ਜਗਰਾਉਂ ਨੇੜਲੇ ਕਾਉਂਕੇ ਕਲਾਂ ਨਾਲ ਸੰਬੰਧਤ ਜਸਵਿੰਦਰ ਜੱਸੀ ਨੇ ਆਪਣੇ ਮਾਪਿਆਂ ਦੀ ਮਰਜ਼ੀ ਖਿਲਾਫ ਰਿਕਸ਼ਾ ਚਾਲਕ ਗਰੀਬ ਲੜਕੇ ਸੁਖਵਿੰਦਰ ਉਰਫ ਮਿੱਠੂ ਨਾਲ ਚੋਰੀ ਛੁਪੇ ਵਿਆਹ ਕਰਵਾਇਆ ਸੀ। ਉਸ ਦੀ ਕੈਨੇਡਾ ਵਾਪਸੀ 'ਤੇ ਵਿਆਹ ਦੇ ਸਰਟੀਫਿਕੇਟ ਉਸ ਦੇ ਮਾਪਿਆਂ ਦੇ ਹੱਥ ਲੱਗਣ ਮਗਰੋਂ ਉਸ ਦੇ ਘਰ 'ਚ ਤਣਾਅ ਪੈਦਾ ਹੋ ਗਿਆ। ਇਸ ਤਣਾਅਪੂਰਨ ਸਥਿਤੀ ਨੂੰ ਵੇਖਦਿਆਂ ਸੰਨ 2000 ਵਿਚ ਜੱਸੀ ਕੈਨੇਡਾ ਤੋਂ ਘਰਦਿਆਂ ਤੋਂ ਚੋਰੀ ਪੰਜਾਬ ਚਲੀ ਗਈ, ਜਿੱਥੇ ਭਾੜੇ ਦੇ ਕਾਤਲਾਂ ਰਾਹੀਂ ਮਿੱਠੂ 'ਤੇ ਕਾਤਲਾਨਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕੀਤਾ ਗਿਆ ਅਤੇ ਜੱਸੀ ਨੂੰ ਅਗਵਾ ਕਰਕੇ ਲੁਧਿਆਣੇ 'ਚ ਉਸ ਦਾ ਕਤਲ ਕਰ ਦਿੱਤਾ ਗਿਆ।
ਇਹ ਸੀ ਮਾਮਲਾ
ਇਸ ਪ੍ਰੇਮ ਕਹਾਣੀ ਦੀ ਸ਼ੁਰੂਆਤ 1995 ਵਿਚ ਪੰਜਾਬ ਦੇ ਜਗਰਾਓਂ ਕਸਬੇ ਤੋਂ ਸ਼ੁਰੂ ਹੋਈ ਸੀ ਜਦੋਂ ਕੈਨੇਡਾ ਵਿਚ ਜੰਮੀ ਪਲੀ ਲੜਕੀ ਜਸਵਿੰਦਰ ਕੌਰ ਜੱਸੀ ਸਿੱਧੂ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੰਜਾਬ ਘੁੰਮਣ ਆਈ ਸੀ। ਪੰਜਾਬ ਨੂੰ ਵੇਖ ਕੇ ਜਿਥੇ ਉਹ ਇਥੋਂ ਦੇ ਸਭਿਆਚਾਰ ਤੋਂ ਕਾਫੀ ਪ੍ਰਭਾਵਿਤ ਹੋਈ, ਉਥੇ ਹੀ ਇਸ ਐੱਨ. ਆਰ. ਆਈ ਲੜਕੀ ਨੂੰ ਇਕ ਆਟੋ ਰਿਕਸ਼ਾ ਚਾਲਕ ਸੁਖਵਿੰਦਰ ਸਿੰਘ ਮਿੱਠੂ ਨਾਲ ਪਿਆਰ ਹੋ ਗਿਆ। 1999 ਵਿਚ ਜੱਸੀ ਦੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਅਤੇ ਮਾਂ ਮਲਕੀਤ ਕੌਰ ਸਿੱਧੂ ਨੇ ਉਸਦਾ ਵਿਆਹ ਇਕ 60 ਸਾਲ ਦੇ ਵਿਅਕਤੀ ਨਾਲ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਜਿਸਦੇ ਚਲਦਿਆ ਫਰਵਰੀ 1999 ਵਿਚ ਜੱਸੀ ਦਾ ਪਰਿਵਾਰ ਉਸ ਨੂੰ ਨਾਲ ਲੈ ਕੇ ਭਾਰਤ ਵਿਆਹ ਦੀ ਤਾਰੀਕ ਮਿਥਣ ਲਈ ਆਇਆ ਸੀ ਪ੍ਰੰਤੂ ਇਥੇ ਆ ਕੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਇਸ ਵਿਆਹ ਲਈ ਰਾਜ਼ੀ ਨਹੀਂ ਹੋਏ ਸਨ। ਜੱਸੀ ਅਤੇ ਮਿੱਠੂ ਕਿਸੇ ਵੀ ਕੀਮਤ 'ਤੇ ਇਕ ਦੂਜੇ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਸਨ ਜਿਸਦੇ ਚਲਦਿਆਂ ਉਨਾਂ ਸਮਾਜ ਦੀਆਂ ਰਵਾਇਤਾਂ ਨੂੰ ਤੋੜਕੇ ਚੁੱਪ ਚਪੀਤੇ 15 ਮਾਰਚ 1999 ਨੂੰ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਜੱਸੀ ਆਪਣੇ ਪਤੀ ਮਿੱਠੂ ਨੂੰ ਇਹ ਕਹਿ ਕੇ ਵਾਪਸ ਕੈਨੇਡਾ ਚਲੀ ਗਈ ਕਿ ਉਹ ਛੇਤੀ ਹੀ ਉਸਨੂੰ ਵੀ ਆਪਣੇ ਕੋਲ ਬੁਲਾ ਲਵੇਗੀ। ਇਸਤੋਂ ਬਾਅਦ ਦੋਵਾਂ ਵਿਚਕਾਰ ਫੋਨ 'ਤੇ ਲੰਮਾ ਸਮਾਂ ਗੱਲਬਾਤ ਹੁੰਦੀ ਰਹੀ ਅਤੇ ਇਕ ਵਾਰ ਜੱਸੀ ਨੇ ਮਿੱਠੂ ਨੂੰ ਨਵਾਂ ਮੋਟਰਸਾਈਕਲ ਖਰੀਦਣ ਲਈ ਪੈਸੇ ਵੀ ਭੇਜੇ।
ਜਦੋਂ ਜੱਸੀ ਅਤੇ ਮਿੱਠੂ ਵੱਲੋਂ ਕਰਵਾਏ ਪ੍ਰੇਮ ਵਿਆਹ ਦਾ ਜੱਸੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤੇ ਉਨ੍ਹਾਂ ਇਸ ਬਾਰੇ ਪੂਰੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਆਖਿਰਕਾਰ ਜੱਸੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਜੱਸੀ ਨੇ ਇਕ ਆਟੋ ਰਿਕਸ਼ਾ ਚਾਲਕ ਮਿੱਠੂ ਨਾਲ ਵਿਆਹ ਕਰਵਾਇਆ ਹੈ। ਇਸਤੋਂ ਮਗਰੋਂ ਜੱਸੀ ਦੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਅਤੇ ਉਸਦੀ ਮਾਤਾ ਮਲਕੀਤ ਕੌਰ ਸਿੱਧੂ ਨੇ ਉਸਤੇ ਮਿੱਠੂ ਨਾਲ ਤਲਾਕ ਲੈਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕਰਕੇ ਕਮਰੇ ਵਿਚ ਬੰਦ ਕਰ ਦਿੱਤਾ।
ਬਾਅਦ 'ਚ ਉਸ ਨੂੰ ਕਾਰ ਲੈ ਕੇ ਦੇਣ ਦਾ ਲਾਲਚ ਦਿੰਦਿਆਂ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਨ ਲਈ ਕਿਹਾ। ਉਨ੍ਹਾਂ ਜੱਸੀ ਦੇ ਦਸਤਖਤਾਂ ਵਾਲੇ ਕਾਗਜ਼ ਨੂੰ ਪਰਿਵਾਰ ਨੇ ਜਾਅਲੀ ਹਲਫਨਾਮੇ ਵਿਚ ਬਦਲ ਦਿੱਤਾ, ਜਿਸ ਵਿਚ ਲਿਖਿਆ ਗਿਆ ਸੀ ਕਿ ਸੁਖਵਿੰਦਰ ਸਿੰਘ ਮਿੱਠੂ ਨੇ ਜੱਸੀ ਨੂੰ ਅਗਵਾ ਕਰਕੇ ਉਸ ਨਾਲ ਬੰਦੂਕ ਦੀ ਨੋਕ 'ਤੇ ਵਿਆਹ ਕਰਵਾਇਆ ਹੈ। ਇਹ ਹਲਫਨਾਮਾ ਸੁਰਜੀਤ ਸਿੰਘ ਬਦੇਸ਼ਾ ਨੇ ਲੁਧਿਆਣਾ ਪੁਲਸ ਨੂੰ ਦੇ ਕੇ ਮਿੱਠੂ ਖਿਲਾਫ਼ ਕੇਸ ਦਰਜ ਕਰਵਾ ਦਿੱਤਾ।
ਇਸ ਮਾਮਲੇ ਵਿਚ ਪੰਜਾਬ ਪੁਲਿਸ ਨੇ ਮਿੱਠੂ ਤੇ ਉਸ ਦੇ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮਿੱਠੂ ਨੇ ਜੱਸੀ ਨੂੰ ਇਤਲਾਹ ਦੇ ਕੇ ਮਦਦ ਕਰਨ ਦੀ ਅਪੀਲ ਕੀਤੀ। ਜੱਸੀ ਨੇ ਪੰਜਾਬ ਪੁਲਿਸ ਨੂੰ ਫੈਕਸ ਭੇਜ ਕੇ ਹਲਫਨਾਮਾ ਜਾਅਲੀ ਹੋਣ ਬਾਰੇ ਦੱਸਿਆ। ਇਸਤੋਂ ਬਾਅਦ ਉਹ ਮਿੱਠੂ ਨੂੰ ਜੇਲ 'ਚੋਂ ਰਿਹਾਅ ਕਰਵਾਉਣ ਲਈ ਭਾਰਤ ਆ ਗਈ। ਇਸ ਤੋਂ ਬਾਅਦ ਵੀ ਜੱਸੀ ਤੇ ਮਿੱਠੂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਅਤੇ ਧਮਕੀਆਂ ਮਿਲਦੀਆਂ ਰਹੀਆਂ। 8 ਜੂਨ 2000 ਨੂੰ ਕੁਝ ਹਥਿਆਰਬੰਦ ਬਦਮਾਸ਼ਾਂ ਨੇ ਜੱਸੀ ਤੇ ਮਿੱਠੂ ਉਪਰ ਘਾਤ ਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਹਮਲਾਵਰ ਮਿੱਠੂ ਨੂੰ ਮਰਿਆ ਸਮਝ ਕੇ ਉਥੇ ਛੱਡ ਗਏ ਜਦਕਿ ਜੱਸੀ ਨੂੰ ਇਕ ਫਾਰਮ ਵਿਚ ਚੁੱਕ ਕੇ ਲੈ ਗਏ ਪਰ ਖੁਸ਼ਕਿਸਮਤੀ ਨਾਲ ਮਿੱਠੂ ਗੰਭੀਰ ਜ਼ਖਮੀ ਹਾਲਤ ਵਿਚ ਬੇਹੋਸ਼ ਪਿਆ ਕਿਸੇ ਨੂੰ ਮਿਲ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਕੌਮਾ ਵਿਚ ਚਲਾ ਗਿਆ।
9 ਜੂਨ, 2000 ਨੂੰ ਜੱਸੀ ਦੀ ਲਾਸ਼ ਜਗਰਾਓਂ ਖੇਤਰ 'ਚੋਂ ਇਕ ਨਹਿਰ ਨੇੜਿਓਂ ਮਿਲੀ ਪ੍ਰੰਤੂ ਜੱਸੀ ਦੇ ਪਰਿਵਾਰ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਪੁਲਸ ਨੂੰ ਰਿਪੋਰਟ ਮਿਲੀ ਕਿ ਜੱਸੀ ਅਤੇ ਮਿੱਠੂ ਨੂੰ ਮਾਰਨ ਦਾ ਹੁਕਮ ਕੈਨੇਡਾ ਤੋਂ ਹੋਇਆ ਸੀ। ਜੁਲਾਈ 2000 ਤੋਂ ਅਗਸਤ 2004 ਇਹ ਕੇਸ ਭਾਰਤੀ ਅਦਾਲਤ ਵਿਚ ਚੱਲਿਆ। ਪੰਜਾਬ ਪੁਲਸ ਵੱਲੋਂ ਕੈਨੇਡਾ ਸਰਕਾਰ ਨੂੰ ਜੱਸੀ ਸਿੱਧੂ ਦੀ ਮਾਂ ਤੇ ਮਾਮੇ ਨੂੰ ਭਾਰਤ ਹਵਾਲੇ ਕਰਨ ਦੀ ਬੇਨਤੀ ਕੀਤੀ ਜਾ ਰਹੀ ਸੀ ਜਿਸ 'ਤੇ ਹੁਣ ਕੈਨੇਡਾ ਦੀ ਸੁਪਰੀਮ ਕੋਰਟ ਨੇ ਮੁਹਰ ਲਗਾ ਦਿੱਤੀ ਹੈ ਅਤੇ ਹੁਣ ਜੱਸੀ ਦੀ ਮਾਂ ਅਤੇ ਮਾਮੇ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੋ ਗਿਆ। ਜਿਸਦੇ ਚਲਦਿਆਂ ਪੰਜਾਬ ਤੋਂ ਪੁਲਿਸ ਦੀ ਤਿੰਨ ਮੈਂਬਰੀ ਵਿਸ਼ੇਸ਼ ਟੀਮ ਪਿਛਲੇ ਦਿਨੀਂ ਕੈਨੇਡਾ ਲਈ ਰਵਾਨਾ ਹੋਈ ਸੀ ਜਿਸਦੇ ਜਲਦ ਹੀ ਭਾਰਤ ਮੁੜਨ ਦੇ ਆਸਾਰ ਹਨ ਅਤੇ ਇਸ ਤਰ੍ਹਾਂ ਕਰੀਬ 17 ਸਾਲ ਆਪਣੀ ਕਤਲ ਹੋਈ ਪਤਨੀ ਲਈ ਇਨਸਾਫ਼ ਦੀ ਲੜਾਈ ਲੜਨ ਵਾਲੇ ਮਿੱਠੂ ਨੂੰ ਹੁਣ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ।
7. ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਬੀਤੇ ਸਾਲ 28 ਅਕਤੂਬਰ 2016 ਨੂੰ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨਾਲ ਇਕ ਅਜਿਹੀ ਅਣਹੋਣੀ ਵਾਪਰੀ ਕਿ ਉਹ ਆਪਣੇ ਮਾਪਿਆਂ ਤੋਂ ਹਮੇਸ਼ਾ ਲਈ ਦੂਰ ਹੋ ਗਿਆ।
ਬ੍ਰਿਸਬੇਨ ਸਿਟੀ ਕੌਂਸਲ ਵਲੋਂ ਮਨਮੀਤ ਦੀ ਯਾਦ 'ਚ ਬ੍ਰਿਸਬੇਨ 'ਚ 'ਮਨਮੀਤ ਪੈਰਾਡਾਈਸ' ਪਾਰਕ ਦਾ ਨਾਂ ਰੱਖਿਆ ਗਿਆ ਹੈ, ਜਿਸ 'ਚ ਮਨਮੀਤ ਦਾ ਬੁੱਤ ਲਾਇਆ ਗਿਆ ਹੈ।
ਦੱਸਣਯੋਗ ਹੈ ਕਿ ਮਨਮੀਤ ਅਲੀਸ਼ੇਰ ਬ੍ਰਿਸਬੇਨ 'ਚ ਬੱਸ ਡਰਾਈਵਰ ਸੀ। ਉਸ ਨੇ ਆਪਣੀਆਂ ਜ਼ਿੰਦਗੀਆਂ ਦੀਆਂ ਅਜੇ ਸਿਰਫ 28 ਬਹਾਰਾਂ ਹੀ ਦੇਖੀਆਂ ਸਨ। ਮਨਮੀਤ ਪੰਜਾਬ ਦੇ ਸੰਗਰੂਰ ਜ਼ਿਲੇ ਦਾ ਰਹਿਣ ਵਾਲਾ ਸੀ। 28 ਅਕਤੂਬਰ 2016 ਦਾ ਦਿਨ ਉਸ ਲਈ ਭਿਆਨਕ ਸਾਬਤ ਹੋਇਆ, ਜਦੋਂ ਇਕ ਸਿਰਫਿਰੇ ਗੋਰੇ ਨੇ ਉਸ ਦੀ ਬੱਸ 'ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕੌਣ ਸੀ ਅਲੀਸ਼ੇਰ—
ਮਨਮੀਤ ਅਲੀਸ਼ੇਰ ਆਸਟ੍ਰੇਲੀਆ 'ਚ ਇਕ ਬੱਸ ਡਰਾਈਵਰ ਹੀ ਨਹੀਂ, ਸਗੋਂ ਕਿ ਇਕ ਗਾਇਕ, ਕਵੀ ਅਤੇ ਥੀਏਟਰ ਕਲਾਕਾਰ ਸੀ। ਮਨਮੀਤ ਕਰੀਬ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟ੍ਰੇਲੀਆ ਗਿਆ ਸੀ। ਮਹਜ 28 ਸਾਲ ਦੀ ਉਮਰ 'ਚ ਹੀ ਉਸ ਨੇ ਆਸਟ੍ਰੇਲੀਆ 'ਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਭਰ ਵੀ ਨਸੀਬ ਨਹੀਂ ਹੁੰਦਾ।
ਕਵੀ ਅਤੇ ਗਾਇਕ ਬਣਨ ਦੇ ਨਾਲ-ਨਾਲ ਉਸ ਨੇ ਸਾਹਿਤ ਦੀ ਦੁਨੀਆ 'ਚ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਸੀ। ਮਨਮੀਤ ਦਾ ਜਨਮ 20 ਸਤੰਬਰ 1987 ਨੂੰ ਮਾਤਾ ਕਿਸ਼ਨਦੀਪ ਕੌਰ ਦੀ ਕੁੱਖੋ ਹੋਇਆ ਸੀ। ਮਨਮੀਤ ਦੇ ਪਿਤਾ ਜੀ ਦਾ ਨਾਂ ਰਾਮ ਸਰੂਪ ਹੈ। ਮਨਮੀਤ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਲਾਡਲਾ ਅਤੇ ਵੱਡੇ ਭਰਾ ਅਮਿਤ ਸ਼ਰਮਾ ਦਾ ਲਾਡਲਾ ਵੀਰ ਸੀ।