ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਦੀ ਯਾਦਗਾਰ ਉਸਾਰਨ ਲਈ ਐੱਮ. ਪੀ. ਢੇਸੀ ਨੇ ਲਿਆਂਦਾ ਮਤਾ

ਖ਼ਬਰਾਂ, ਕੌਮਾਂਤਰੀ

ਲੰਡਨ: ਦੁਨੀਆ ਦੇ ਦੋ ਵਿਸ਼ਵ ਯੁੱਧਾਂ 'ਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ 'ਚ ਸਿੱਖ ਫੌਜੀ ਵੀ ਸਨ। ਉਨ੍ਹਾਂ ਸਿੱਖ ਫੌਜੀਆਂ ਦੀਆਂ ਸ਼ਹੀਦੀਆਂ ਨੂੰ ਸਨਮਾਨ ਦੇਣ ਲਈ ਯਾਦਗਾਰ ਉਸਾਰਨ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ। ਬਰਤਾਨੀਆ ਵਿਚ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਦੀ ਯਾਦਗਾਰ ਉਸਾਰਨ ਦੀ ਮੰਗ ਨੂੰ ਲੈ ਕੇ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ 19 ਦਸੰਬਰ ਨੂੰ 'ਅਰਲੀ ਡੇਅ ਮੋਸ਼ਨ' ਦੇ ਮਤਾ ਨੰਬਰ 708 ਲਿਆਂਦਾ ਹੈ, ਜਿਸ 'ਤੇ ਹੁਣ ਤੱਕ 113 ਸੰਸਦ ਮੈਂਬਰਾਂ ਨੇ ਹਮਾਇਤ ਵਜੋਂ ਦਸਤਖ਼ਤ ਕੀਤੇ ਹਨ। 

ਐੱਮ. ਪੀ. ਢੇਸੀ ਨੇ ਮਤੇ ਵਿਚ ਲਿਖਿਆ ਕਿ ਦੋਵੇਂ ਵਿਸ਼ਵ ਜੰਗਾਂ ਦੌਰਾਨ ਸਿੱਖ ਸਿਪਾਹੀਆਂ ਨੇ ਬਰਤਾਨੀਆ ਲਈ ਬਹਾਦਰੀ ਦਾ ਪ੍ਰਗਟਾਵਾ ਕਰਦਿਆਂ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਸੂਰਬੀਰ ਯੋਧਿਆਂ ਦੀ ਯਾਦ ਵਿਚ ਕੇਂਦਰੀ ਲੰਡਨ ਵਿਚ ਕਿਸੇ ਥਾਂ ਰਾਸ਼ਟਰੀ ਯਾਦਗਾਰ ਉਸਾਰਨ ਲਈ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਐੱਮ. ਪੀ. ਢੇਸੀ ਨੇ ਇਸ ਮਤੇ ਵਿਚ ਲੰਡਨ ਮੇਅਰ ਸਦੀਕ ਖਾਨ ਵਲੋਂ ਇਸ ਯਾਦਗਾਰ ਦੇ ਹੱਕ ਵਿਚ ਦਿੱਤੇ ਬਿਆਨ ਦਾ ਵੀ ਸਵਾਗਤ ਕੀਤਾ ਹੈ। ਭਾਰਤ ਵਿਚ ਬ੍ਰਿਟਿਸ਼ ਰਾਜ ਵੇਲੇ ਸਿੱਖਾਂ ਦੀ ਆਬਾਦੀ ਸਿਰਫ 2 ਫੀਸਦੀ ਸੀ, ਜਦਕਿ ਫੌਜ ਵਿਚ ਸਿੱਖਾਂ ਦੀ ਗਿਣਤੀ 20 ਫੀਸਦੀ ਸੀ।

ਇਨ੍ਹਾਂ ਵਿਸ਼ਵ ਯੁੱਧਾਂ ਦੌਰਾਨ 83,000 ਦਸਤਾਰਧਾਰੀ ਸਿੱਖ ਸ਼ਹੀਦ ਹੋਏ ਅਤੇ ਇਕ ਲੱਖ ਤੋਂ ਵੱਧ ਜ਼ਖ਼ਮੀ ਹੋਏ ਸਨ। ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਇਨ੍ਹਾਂ ਯੋਧਿਆਂ ਦੀ ਯਾਦਗਾਰ ਸਥਾਪਤ ਕਰਨ ਲਈ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲ ਕਰਦਿਆਂ ਢੇਸੀ ਨੇ ਕਿਹਾ ਕਿ ਇਸ ਮਤੇ 'ਤੇ ਪਹਿਲੇ ਦਿਨ ਹੀ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਦੇ ਸਾਥੀ ਸੰਸਦ ਮੈਂਬਰਾਂ ਵਲੋਂ ਦਸਤਖਤ ਕਰਕੇ ਸਹਿਯੋਗ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਸੀਮਾ ਮਲਹੋਤਰਾ, ਲੇਬਰ ਦੇ ਡਿਪਟੀ ਲੀਡਰ ਟੌਮ ਵਾਟਸਨ, ਜੌਹਨ ਮੈਕਡਾਨਲ ਸ਼ੈਡੋ ਖਜ਼ਾਨਾ ਮੰਤਰੀ, ਕਿੰਨ ਕਲਾਰਕ, ਡੌਮਨਿਕ ਗਰੀਵ, ਈਅਨ ਬਲੈਕ ਫੋਰਡ, ਨਾਈਜ਼ਲ ਡੋਡਸ, ਲੇਡੀ ਹਾਰਮਨ, ਕਾਰਲੋਲਾਈਨ ਲੂਕਾ, ਲਿਜ਼ ਸਵੇਲੇ ਰੌਬਰਟਸ, ਟਿੰਮ ਫਾਰੋਨ ਸ਼ਾਮਿਲ ਹਨ ।