ਵੀਜ਼ਾ ਲਾਟਰੀ ਸਿਸਟਮ ਨੂੰ ਛੇਤੀ ਖ਼ਤਮ ਕਰੇਗਾ ਅਮਰੀਕਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 31 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੀ ਸਰਕਾਰ ਦੇ ਇਕ ਸਾਲ ਪੂਰਾ ਹੋਣ 'ਤੇ ਪਹਿਲਾ ਅਧਿਕਾਰਕ 'ਸਟੇਟ ਆਫ਼ ਦੀ ਯੂਨੀਅਨ ਭਾਸ਼ਨ' ਦਿਤਾ।ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਯੂ.ਐਸ. ਵੀਜ਼ਾ ਲਾਟਰੀ ਸਿਸਟਮ ਨੂੰ ਖ਼ਤਮ ਕਰਨ ਦੀ ਗੱਲ ਕਹੀ। ਇਸ ਸਿਸਟਮ ਤਹਿਤ ਕੌਸ਼ਲ, ਯੋਗਤਾ ਅਤੇ ਅਮਰੀਕੀਆਂ ਦੀ ਸੁਰਖਿਆ 'ਤੇ ਧਿਆਨ ਦਿਤੇ ਬਿਨਾਂ ਗ੍ਰੀਨ ਕਾਰਡ ਦਿਤਾ ਜਾਂਦਾ ਹੈ। ਟਰੰਪ ਨੇ ਉਨ੍ਹਾਂ 18 ਲੱਖ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਦੇ ਮਾਰਗ ਦਾ ਪ੍ਰਸਤਾਵ ਵੀ ਦਿਤਾ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਉਦੋਂ ਅਮਰੀਕਾ ਲਿਆਏ ਸਨ, ਜਦੋਂ ਉਹ ਬੱਚੇ ਸਨ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ ਨੂੰ ਅਜਿਹਾ ਬਿਲ ਪਾਸ ਕਰਨ ਲਈ ਕਿਹਾ ਹੈ ਜੋ ਯੋਗਤਾ ਆਧਾਰਤ ਇਮੀਗ੍ਰੇਸ਼ਨ ਨੂੰ ਹੁੰਗਾਰਾ ਦਿੰਦਾ ਹੋਵੇ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਲਾਭ ਪਹੁੰਚੇਗਾ। ਟਰੰਪ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਅਮਰੀਕੀ ਨਾਗਰਿਕਾ ਦੁਨੀਆ 'ਚ ਸੱਭ ਤੋਂ ਵੱਧ ਸੁਰਖਿਅਤ ਹਨ। ਟਰੰਪ ਨੇ ਦਾਅਵਾ ਕੀਤਾ ਕਿ ਪਿਛਲੇ 45 ਸਾਲਾਂ 'ਚ ਬੇਰੁਜ਼ਗਾਰੀ ਸੱਭ ਤੋਂ ਘੱਟ ਹੋਈ ਹੈ।