ਯੂ-ਟਿਊਬ ਨੇ ਪਾਕਿ ਸਰਕਾਰੀ ਚੈਨਲ ਨੂੰ ਬਲਾਕ ਕੀਤਾ

ਖ਼ਬਰਾਂ, ਕੌਮਾਂਤਰੀ

ਕੈਲੇਫ਼ੋਰਨੀਆ, 3 ਫ਼ਰਵਰੀ : ਸੋਸ਼ਲ ਮੀਡੀਆ ਪਲੇਟਫ਼ਾਰਮ ਯੂ-ਟਿਊਬ ਨੇ ਸ਼ੁਕਰਵਾਰ ਨੂੰ ਪਾਕਿਸਤਾਨ ਸਰਕਾਰ ਦੇ ਚੈਨਲ ਨੂੰ ਬਲਾਕ ਕਰ ਦਿਤਾ। ਪਾਕਿਸਤਾਨ ਦੇ ਸਰਕਾਰੀ ਯੂ-ਟਿਊਬ ਅਕਾਉਂਟ 'ਤੇ ਕਾਪੀਰਾਈਟ ਕਾਰਨ ਯੂਟਿਊਬ ਨੇ ਚੈਨਲ ਨੂੰ ਬਲਾਕ ਕੀਤਾ ਹੇ। ਜਾਣਕਾਰੀ ਮੁਤਾਬਕ ਇਰਫ਼ਾਨ ਜੁਨੇਜ਼ਾ ਨੇ ਸ਼ਿਕਾਇਤ ਕੀਤੀ ਸੀ ਕਿ ਪਾਕਿਸਤਾਨੀ ਸਰਕਾਰ ਨੇ ਅਪਣੇ ਯੂ-ਟਿਊਬ ਚੈਨਲ ਲਈ ਉਸ ਦੀਆਂ ਕੁੱਝ ਤਸਵੀਰਾਂ ਚੋਰੀ ਕਰ ਲਈਆਂ ਸਨ। ਜਿਸ ਤੋਂ ਬਾਅਦ ਯੂ-ਟਿਊਬ ਨੇ ਨੋਟਿਸ ਲੈਂਦਿਆਂ ਚੈਨਲ 'ਤੇ ਕਾਰਵਾਈ ਕੀਤੀ ਹੈ।ਇਰਫ਼ਾਨ ਮੁਤਾਬਕ ਉਸ ਨੇ ਅਪਣੇ ਟ੍ਰੈਵਲਾਗ ਲਈ ਨੋਰਥ-ਵੈਸਟਰਨ ਪਹਾੜੀਆਂ ਦੀਆਂ ਕੁੱਝ ਤਸਵੀਰਾਂ ਲਈਆਂ ਸਨ, ਜਿਨ੍ਹਾਂ ਦੀ ਵਰਤੋਂ ਪਾਕਿ ਸਰਕਾਰੀ ਚੈਨਲ ਨੇ 'ਪਾਕਿਸਤਾਨ 'ਚ ਫ਼ੈਮਿਲੀ-ਫ਼ਰੈਂਡਲੀ ਐਕਟਿਵਿਟੀ' ਨੂੰ ਪ੍ਰਮੋਟ ਕਰਨ ਲਈ ਕੀਤੀ।

 ਇਰਫ਼ਾਨ ਨੇ ਕਿਹਾ ਕਿ ਪਾਕਿ ਸਰਕਾਰ ਨੇ ਉਸ ਨੂੰ ਇਸ ਬਾਰੇ ਪੁਛਿਆ ਤਕ ਨਹੀਂ। ਹਾਲਾਂਕਿ ਪਾਕਿ ਸਕਰਾਰ ਦੇ ਮੀਡੀਆ ਸੈਲ ਦੇ ਕੋਆਰਡੀਨੇਟਰ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਉ ਡਿਸਕ੍ਰਿਪਸ਼ਨ 'ਚ ਇਰਫ਼ਾਨ ਦੀ ਸ਼ਲਾਘਾ ਕੀਤੀ ਸੀ।
ਇਰਫ਼ਾਨ ਨੇ ਕਿਹਾ ਕਿ ਸ਼ਲਾਘਾ ਕਰਨ ਨਾਲ ਕੁੱਝ ਨਹੀਂ ਹੁੰਦਾ, ਉਨ੍ਹਾਂ ਨੂੰ ਮਨਜੂਰੀ ਲੈਣੀ ਚਾਹੀਦੀ ਸੀ। ਇਰਫ਼ਾਨ ਨੇ ਕਿਹਾ ਕਿ ਜੇ ਸਰਕਾਰ ਮੇਰੇ ਨਾਲ ਇਕ ਵਾਰ ਗੱਲ ਕਰਦੀ ਤਾਂ ਮੈਂ ਇਸ ਵੀ ਵਧੀਆ ਵੀਡੀਉ ਬਣਾ ਕੇ ਦੇ ਦਿੰਦਾ। ਉਸ ਨੇ ਕਿਹਾ, ''ਕਿਸੇ ਦੀ ਨਿੱਜੀ ਜਾਇਦਾਦ ਨੂੰ ਚੋਰੀ ਕਰਨਾ ਗ਼ਲਤ ਹੈ।''ਪਾਕਿਸਤਾਨ 'ਚ ਇਰਫ਼ਾਨ ਜੁਨੇਜ਼ਾ ਇਕ ਨੌਜਵਾਨ ਯੂਟਿਊਬਰ ਹੈ, ਜਿਸ ਦੇ ਯੂ-ਟਿਊਬ ਚੈਨਲ 'ਤੇ 88 ਹਜ਼ਾਰ ਸਬਸਕ੍ਰਾਇਰ ਹਨ ਅਤੇ 50 ਹਜ਼ਾਰ ਔਸਤ ਵਿਊ ਹੈ। (ਪੀਟੀਆਈ)