ਕਾਬੁਲ, 26 ਜੁਲਾਈ : ਅਫ਼ਗ਼ਾਨਿਸਤਾਨ ਦੇ ਦਖਣੀ ਕੰਧਾਰ ਸੂਬੇ 'ਚ ਸਥਿਤ ਫ਼ੌਜੀ ਟਿਕਾਣੇ 'ਤੇ ਅਤਿਵਾਦੀ ਸੰਗਠਨ ਤਾਲਿਬਾਨ ਨੇ ਹਮਲਾ ਕਰ ਦਿਤਾ, ਜਿਸ 'ਚ ਘੱਟੋ-ਘੱਟ 30 ਅਫ਼ਗ਼ਾਨ ਫ਼ੌਜੀਆਂ ਦੀ ਮੌਤ ਹੋ ਗਈ ਅਤੇ 13 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ 8 ਫ਼ੌਜੀ ਹਾਲੇ ਤਕ ਲਾਪਤਾ ਹਨ। ਜਵਾਬੀ ਕਾਰਵਾਈ 'ਚ 80 ਤੋਂ ਵੱਧ ਅਤਿਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਤਾਲਿਬਾਨ ਅਤਿਵਾਦੀਆਂ ਨੇ ਇਹ ਹਮਲਾ ਮੰਗਲਵਾਰ ਰਾਤ ਕੀਤਾ। ਟੋਲੋ ਨਿਊਜ਼ ਮੁਤਾਬਕ ਜਦੋਂ ਤਾਲਿਬਾਨ ਅਤਿਵਾਦੀਆਂ ਨੇ ਦਖਣੀ ਕੰਧਾਰ ਸੂਬੇ ਦੇ ਖਾਕਰਿਜ ਜ਼ਿਲ੍ਹੇ 'ਚ ਸਥਿਤ ਫ਼ੌਜੀ ਟਿਕਾਣੇ 'ਤੇ ਹਮਲਾ ਕੀਤਾ, ਉਸ ਸਮੇਂ ਉਥੇ 82 ਫ਼ੌਜੀ ਮੌਜੂਦ ਸਨ। ਇਸ ਤੋਂ ਇਲਾਵਾ ਬਾਕੀ ਫ਼ੌਜੀ ਸੁਰੱਖਿਅਤ ਦੱਸੇ ਜਾ ਰਹੇ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਜ਼ਰੀਏ ਲਈ ਹੈ।
ਰਖਿਆ ਮੰਤਰਾਲੇ ਦੇ ਬੁਲਾਰੇ ਜਨਰਲ ਦੌਲਤ ਵਜ਼ੀਰੀ ਨੇ ਕਿਹਾ, ''ਅਤਿਵਾਦੀਆਂ ਨੇ ਕੰਧਾਰ ਦੇ ਖਾਕਰੇਜ ਜ਼ਿਲ੍ਹੇ ਦੇ ਕਰਜਾਇਲ ਖੇਤਰ ਵਿਚ ਸਥਿਤ ਫ਼ੌਜ ਦੇ ਕੈਂਪ 'ਤੇ ਮੰਗਲਵਾਰ ਦੀ ਰਾਤ ਨੂੰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਹਮਲੇ ਦਾ ਅਫ਼ਗਾਨ ਫ਼ੌਜੀਆਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ 80 ਤੋਂ ਵੱਧ ਅਤਿਵਾਦੀਆਂ ਨੂੰ ਮਾਰ ਦਿਤਾ।''
ਇਲਾਕੇ ਦੇ ਲੋਕਾਂ ਨੇ ਦਸਿਆ ਕਿ ਸੈਂਕੜੇ ਤਾਲਿਬਾਨ ਅਤਿਵਾਦੀਆਂ ਨੇ ਚਾਰੇ ਪਾਸਿਉਂ ਫ਼ੌਜੀ ਅੱਡੇ 'ਤੇ ਹਮਲਾ ਕਰ ਦਿਤਾ ਅਤੇ ਇਕ ਘੰਟੇ ਤਕ ਲਗਾਤਾਰ ਗੋਲੀਬਾਰੀ ਕੀਤੀ। ਅਤਿਵਾਦੀ 30 ਤੋਂ ਵੱਧ ਗੱਡੀਆਂ 'ਚ ਸਵਾਰ ਹੋ ਕੇ ਆਏ ਸਨ। ਅਤਿਵਾਦੀਆਂ ਦਾ ਸਾਹਮਣਾ ਕਰਨ ਲਈ ਹਵਾਈ ਮਦਦ ਵੀ ਮੰਗੀ ਗਈ ਸੀ।
ਸਮਾਚਾਰ ਏਜੰਸੀ ਸਿੰਹੁਆ ਅਨੁਸਾਰ ਤਾਲਿਬਾਨ ਅਤਿਵਾਦੀਆਂ ਅਤੇ ਅਫ਼ਗ਼ਾਨੀ ਫ਼ੌਜੀਆਂ ਵਿਚਕਾਰ ਬੁਧਵਾਰ ਸਵੇਰ ਤਕ ਝੜਪ ਜਾਰੀ ਰਹੀ। ਕਾਬੁਲ ਤੋਂ ਲਗਭਗ 450 ਕਿਲੋਮੀਟਰ ਦੱਖਣ 'ਚ ਸਥਿਤ ਫ਼ੌਜੀ ਅੱਡੇ ਤੋਂ ਹਮਲਾਵਰ ਹਥਿਆਰ ਅਤੇ ਗੋਲਾ-ਬਾਰੂਦ ਵੀ ਚੁੱਕ ਕੇ ਲੈ ਗਏ।
ਅਮਰੀਕੀ ਨਿਗਰਾਨੀ ਸੰਸਥਾ ਅਨੁਸਾਰ ਅਫ਼ਗ਼ਾਨਿਸਤਾਨ 'ਚ ਸਾਲ 2006 'ਚ ਅਤਿਵਾਦੀ ਹਮਲਿਆਂ 'ਚ 6800 ਫ਼ੌਜੀਆਂ ਅਤੇ ਪੁਲਿਸ ਮੁਲਾਜ਼ਮਾਂ ਦੀ ਮੌਤ ਹੋਈ ਸੀ। ਇਸ ਸਾਲ ਤਾਲਿਬਾਨ ਸੁਰੱਖਿਆ ਫ਼ੌਜ ਵਿਰੁਧ ਹੋਰ ਤੇਜ਼ੀ ਨਾਲ ਹਮਲੇ ਕਰ ਰਿਹਾ ਹੈ। ਬੀਤੇ ਅਪ੍ਰੈਲ ਮਹੀਨੇ 'ਚ ਤਾਲਿਬਾਨ ਨੇ ਮਜਾਰ-ਏ-ਸ਼ਰੀਫ ਸ਼ਹਿਰ ਨੇੜੇ ਸਥਿਤ ਫ਼ੌਜੀ ਅੱਡੇ 'ਤੇ ਹੁਣ ਤਕ ਦਾ ਸੱਭ ਤੋਂ ਵੱਡਾ ਹਮਲਾ ਕੀਤਾ ਸੀ। ਇਸ 'ਚ ਲਗਭਗ 150 ਫ਼ੌਜੀ ਮਾਰੇ ਗਏ ਸਨ। (ਪੀਟੀਆਈ)