ਤੀਜੀ ਧਿਰ ਦੀ ਵਿਚੋਲਗੀ ਨਾਲ ਕਸ਼ਮੀਰ ਦੀ ਹਾਲਤ ਸੀਰੀਆ ਅਤੇ ਅਫ਼ਗ਼ਾਨਿਸਤਾਨ ਵਰਗੀ ਹੋ ਜਾਵੇਗੀ : ਮਹਿਬੂਬਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ, 22 ਜੁਲਾਈ : ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅਮਰੀਕਾ, ਚੀਨ ਜਾਂ ਕਿਸੇ ਵੀ ਹੋਰ ਮੁਲਕ ਤੋਂ ਕਸ਼ਮੀਰ ਮਸਲੇ ਵਿਚ ਵਿਚੋਲਗੀ ਕਰਵਾਉਣ ਬਾਰੇ ਸੁਝਾਵਾਂ ਨੂੰ ਖ਼ਾਰਜ ਕਰਦਿਆਂ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਦੁਵੱਲੇ ਤੌਰ 'ਤੇ ਮੁੱਦਾ ਸੁਲਝਾਉਣਾ ਚਾਹੀਦਾ ਹੈ।

ਮਹਿਬੂਬਾ ਨੇ ਅਮਰੀਕਾ ਤੋਂ ਵਿਚੋਲਗੀ ਕਰਵਾਉਣ ਦਾ ਸੁਝਾਅ ਦੇਣ ਵਾਲੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੀ ਉਹ ਚਾਹੁੰਦੇ ਹਨ ਕਿ ਕਸ਼ਮੀਰ ਦੀ ਹਾਲਤ ਸੀਰੀਆ ਅਤੇ ਅਫ਼ਗਾਨਿਸਤਾਨ ਵਰਗੀ ਹੋ ਜਾਵੇ, ਜਿਥੇ ਅਮਰੀਕਾ ਨੇ ਦਖ਼ਲ ਦਿਤਾ ਹੈ। ਉਨ੍ਹਾਂ ਕਿਹਾ, ''ਅਮਰੀਕਾ ਹੋਵੇ ਜਾਂ ਚੀਨ, ਦੋਹਾਂ ਨੂੰ ਅਪਣਾ ਕੰਮ ਨਾਲ ਮਤਲਬ ਰਖਣਾ ਚਾਹੀਦਾ ਹੈ। ਅਮਰੀਕਾ ਨੇ ਜਿਥੇ ਵੀ ਦਖ਼ਲ ਦਿਤਾ, ਉਹ ਦੇਸ਼ ਬਰਬਾਦ ਹੋ ਗਿਆ। ਤੁਸੀਂ ਅਫ਼ਗਾਨਿਸਤਾਨ, ਸੀਰੀਆ ਅਤੇ ਇਰਾਕ ਦੀ ਹਾਲਤ ਵੇਖ ਸਕਦੇ ਹੋ।''
ਪੀ.ਡੀ.ਪੀ. ਦੀ ਆਗੂ ਨੇ ਅਨੰਤਨਾਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਚੀਨ ਦੀ ਤਿੱਬਤ ਦੇ ਮੁੱਦੇ 'ਤੇ ਅਪਣੀ ਹੀ ਸਮੱਸਿਆ ਹੈ, ਇਸ ਲਈ ਮੈਨੂੰ ਜਾਪਦਾ ਹੈ ਕਿ ਸਾਡੇ ਕੋਲ ਇਕ ਖਾਕਾ ਹੈ ਜੋ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਜੰਗ ਤੋਂ ਬਾਅਦ ਵੀ ਗੱਲਬਾਤ ਕਰਨੀ ਹੋਵੇਗੀ। ਸਾਨੂੰ ਦੁਵੱਲੇ ਤੌਰ 'ਤੇ ਮਸਲਾ ਨਿਬੇੜਨਾ ਹੋਵੇਗਾ, ਅਮਰੀਕਾ, ਤੁਰਕੀ ਜਾਂ ਬਰਤਾਨੀਆ ਇਸ ਵਿਚ ਕੀ ਕਰ ਸਕਦੇ ਹਨ?''
ਮਹਿਬੂਬਾ ਮੁਫ਼ਤੀ ਨੈਸ਼ਨਲ ਕਾਨਫ਼ਰੰਸ ਦੇ ਲੋਕ ਸਭਾ ਮੈਂਬਰ ਫ਼ਾਰੂਕ ਅਬਦੁੱਲਾ ਦੀ ਉਸ ਟਿਪਣੀ 'ਤੇ ਪ੍ਰਤੀਕਿਰਿਆ ਪ੍ਰਗਟ ਕਰ ਰਹੀ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਭਾਰਤ ਨੂੰ ਦੋਸਤਾਂ ਦੀ ਮਦਦ ਲੈਣੀ ਚਾਹੀਦੀ ਹੈ। (ਪੀਟੀਆਈ)