ਚੇਨਈ 'ਚ ਭਾਰੀ ਮੀਂਹ ਨਾਲ ਮਚੀ ਤਬਾਹੀ, ਰੈੱਡ ਅਲਰਟ ਜਾਰੀ, 3 ਲੋਕਾਂ ਦੀ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅੰਨਾ ਨਾਗਾਟੋ ਇਲਾਕੇ ’ਚ ਵੀ.ਆਰ. ਮਾਲ ਦੀ ਛੱਤ ਦਾ ਇਕ ਹਿੱਸਾ ਟੁੱਟ ਕੇ ਡਿੱਗ ਗਿਆ।

Heavy rains wreak havoc in Chennai, red alert issued, 3 killed

 

ਚੇਨਈ - ਚੇਨਈ 'ਚ ਵੀਰਵਾਰ ਨੂੰ ਪਏ ਭਾਰੀ ਮੀਂਹ ਨੇ ਜਨਜੀਵਨ ਠੱਪ ਕਰ ਦਿੱਤਾ। ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੀਂਹ ਤੋਂ ਬਾਅਦ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਵਾਲੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕਿਹਾ ਕਿ ਸਥਿਤੀ ਜਲਦੀ ਹੀ ਆਮ ਹੋ ਜਾਵੇਗੀ।

ਉਧਰ ਚੇਨਈ ਸ਼ਹਿਰ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਤੋਂ ਬਾਅਦ ਕਰੰਟ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਅੰਨਾ ਨਾਗਾਟੋ ਇਲਾਕੇ ’ਚ ਵੀ.ਆਰ. ਮਾਲ ਦੀ ਛੱਤ ਦਾ ਇਕ ਹਿੱਸਾ ਟੁੱਟ ਕੇ ਡਿੱਗ ਗਿਆ। ਮੀਂਹ ਦੇ ਚਲਦੇ ਸੜਕਾਂ ਅਤੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਸੜਕਾਂ ’ਤੇ ਪਾਣੀ ਭਰਨ ਤੋਂ ਬਾਅਦ ਮਾਊਂਟ ਰੋਡ ਸਮੇਤ ਕਈ ਇਲਾਕਿਆਂ ’ਚ ਘੰਟਿਆਂ ਤੱਕ ਟ੍ਰੈਫਿਕ ਜਾਮ ਰਿਹਾ। ਭਾਰੀ ਮੀਂਹ ਚੇਮਬ੍ਰਾਮਬੱਕਮ ਡੈਮ ਤੋਂ 1000 ਕਿਊਸੇਟ ਪਾਣੀ ਵੀ ਛੱਡਿਆ ਗਿਆ ਹੈ ਜਿਸ ਤੋਂ ਬਾਅਦ ਚੇਨਈ ’ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 

ਕਰੰਟ ਦੀ ਚਪੇਟ ’ਚ ਆ ਕੇ ਮਰਨ ਵਾਲਿਆਂ ਦੀ ਪਛਾਣ ਓਟੇਰੀ ਦੇ 70 ਸਾਲ ਦੇ ਤਮੀਲਾਰਾਸੀ, ਮਾਇਲਾਪੁਰ ਦੇ 13 ਸਾਲ ਦੇ ਇਕ ਲੜਕੇ ਅਤੇ ਪੁਲੀਆਂਥੋਪ ਇਲਾਕੇ ’ਚ ਰਹਿਣ ਵਾਲੀ ਯੂ.ਪੀ. ਦੀ 45 ਸਾਲ ਦੀ ਬੀਬੀ ਦੇ ਰੂਪ ’ਚ ਹੋਈ ਹੈ। ਦੱਸਿਆ ਜਾ ਰਿਹਾ ਹੈਕਿ ਰੋਯਾਪੇੱਟਾਹ ’ਚ ਅੰਨਾਦਰਮੁਕ ਪਾਰਟੀ ਦੇ ਦਫਤਰ ’ਚ ਵੀ ਪਾਣੀ ਭਰ ਗਿਆ ਹੈ। ਟ੍ਰੈਫਿਕ ਪੁਲਿਸ ਨੇ ਬਿਆਨ ਜਾਰੀ ਕੀਤਾ ਕਿ ਚਾਰ ਸਬ-ਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਕੁੱਲ 7 ਇਲਾਕਿਆਂ ’ਚ ਪਾਣੀ ਭਰ ਗਿਆ ਹੈ ਜਿਸ ਦੇ ਚਲਦੇ ਟ੍ਰੈਫਿਕ ਜਾਮ ਹੋ ਗਿਆ ਹੈ।