ਭਾਰਤ ਨੇ ਅਫ਼ਗਾਨਿਸਤਾਨ ਨੂੰ 5 ਲੱਖ ਐਂਟੀ-ਕੋਵੈਕਸੀਨ ਦੀਆਂ ਖੁਰਾਕਾਂ ਕੀਤੀਆਂ ਸਪਲਾਈ
ਕਾਬੁਲ ਦੇ ਇੰਦਰਾ ਗਾਂਧੀ ਹਸਪਤਾਲ ਨੂੰ ਸੌਂਪੀਆਂ
ਨਵੀਂ ਦਿੱਲੀ - ਭਾਰਤ ਨੇ ਅੱਜ ਅਫ਼ਗਾਨਿਸਤਾਨ ਨੂੰ ਐਂਟੀ-ਕੋਵੈਕਸੀਨ ਟੀਕੇ ਦੀਆਂ 5 ਲੱਖ ਖੁਰਾਕਾਂ ਸਪਲਾਈ ਕੀਤੀਆਂ ਹਨ। ਜੰਗ ਪ੍ਰਭਾਵਿਤ ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਦੂਜੀ ਖੇਪ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਆਉਣ ਵਾਲੇ ਹਫ਼ਤੇ 'ਚ ਅਫ਼ਗਾਨਿਸਤਾਨ ਨੂੰ ਟੀਕੇ ਦੀਆਂ 5 ਲੱਖ ਵਾਧੂ ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ। ਇਸ ਵਿਚ ਕਿਹਾ ਗਿਆ ਹੈ ਕਿ 'ਅੱਜ ਭਾਰਤ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਤਹਿਤ ਐਂਟੀ-ਕੋਵੈਕਸੀਨ ਟੀਕੇ ਦੀਆਂ 5 ਲੱਖ ਖੁਰਾਕਾਂ ਦੀ ਸਪਲਾਈ ਕੀਤੀ ਹੈ। ਇਸ ਨੂੰ ਕਾਬੁਲ ਦੇ ਇੰਦਰਾ ਗਾਂਧੀ ਹਸਪਤਾਲ ਨੂੰ ਸੌਂਪ ਦਿੱਤਾ ਗਿਆ।'
ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਭਾਰਤ, ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਵਜੋਂ ਅਨਾਜ, ਕੋਵਿਡ ਰੋਕੂ ਟੀਕੇ ਦੀਆਂ 10 ਲੱਖ ਖੁਰਾਕਾਂ ਅਤੇ ਜੀਵਨ ਰੱਖਿਅਕ ਦਵਾਈਆਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੇ ਹਫ਼ਤੇ ਵਿਚ ਭਾਰਤ ਕਣਕ ਦੀ ਸਪਲਾਈ ਕਰੇਗਾ ਅਤੇ ਬਾਕੀ ਡਾਕਟਰੀ ਸਹਾਇਤਾ ਪ੍ਰਦਾਨ ਕਰੇਗਾ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਬੰਧ ਵਿਚ ਅਸੀਂ ਆਵਾਜਾਈ ਲਈ ਰੋਡਮੈਪ ਨੂੰ ਅੰਤਿਮ ਰੂਪ ਦੇਣ ਲਈ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਅਤੇ ਹੋਰਾਂ ਨਾਲ ਸੰਪਰਕ ਵਿਚ ਹਾਂ।
ਜ਼ਿਕਰਯੋਗ ਹੈ ਕਿ ਭਾਰਤ ਪਹਿਲਾਂ ਹੀ ਪਾਕਿਸਤਾਨ ਦੇ ਰਸਤੇ ਸੜਕ ਰਾਹੀਂ ਅਫ਼ਗਾਨਿਸਤਾਨ ਨੂੰ 50 ਹਜ਼ਾਰ ਮੀਟ੍ਰਿਕ ਟਨ ਕਣਕ ਅਤੇ ਦਵਾਈ ਭੇਜਣ ਦਾ ਐਲਾਨ ਕਰ ਚੁੱਕਾ ਹੈ। ਭਾਰਤ ਅਤੇ ਪਾਕਿਸਤਾਨ ਆਵਾਜਾਈ ਨਾਲ ਸਬੰਧਤ ਰੋਡਮੈਪ ਨੂੰ ਅੰਤਿਮ ਰੂਪ ਦੇ ਰਹੇ ਹਨ। ਭਾਰਤ ਨੇ ਅਫ਼ਗਾਨਿਸਤਾਨ ਵਿਚ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਨਿਰਵਿਘਨ ਮਨੁੱਖੀ ਸਹਾਇਤਾ ਦੀ ਵਕਾਲਤ ਕੀਤੀ ਹੈ। ਹਾਲਾਂਕਿ ਭਾਰਤ ਨੇ ਅਫ਼ਗਾਨਿਸਤਾਨ ਵਿਚ ਮੌਜੂਦਾ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਉੱਥੇ ਸਹੀ ਅਰਥ ਵਿਚ ਸਮਾਵੇਸ਼ੀ ਸਰਕਾਰ 'ਤੇ ਜ਼ੋਰ ਦਿੰਦਾ ਹੈ।