Manipur News : ਮਨੀਪੁਰ ਦੇ ਥੌਬਲ ’ਚ 3 ਲੋਕਾਂ ਦੀ ਮੌਤ, ਵਾਦੀ ’ਚ ਫਿਰ ਲਗਾਇਆ ਕਰਫਿਊ
ਹਮਲੇ ਤੋਂ ਬਾਅਦ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਤਿੰਨ ਗੱਡੀਆਂ ਨੂੰ ਅੱਗ ਲਾ ਦਿਤੀ ।
Manipur News : ਮਨੀਪੁਰ ਦੇ ਥੌਬਲ ਜ਼ਿਲ੍ਹੇ ’ਚ ਸੋਮਵਾਰ ਸ਼ਾਮ ਨੂੰ ਤਿੰਨ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ 5 ਹੋਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਸੂਬੇ ਦੇ ਪੰਜ ਜ਼ਿਲ੍ਹਿਆਂ ’ਚ ਫਿਰ ਤੋਂ ਕਰਫਿਊ ਲਗਾ ਦਿਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦਸਿਆ ਕਿ ਹਮਲਾਵਰਾਂ ਨੇ ਲਿਲੋਂਗ ਕਿੰਗਜਾਓ ਇਲਾਕੇ ’ਚ ਸਥਾਨਕ ਲੋਕਾਂ ’ਤੇ ਗੋਲੀਆਂ ਚਲਾਈਆਂ। ਇਸ ਹਿੰਸਾ ’ਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦਸਿਆ ਕਿ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਮਲੇ ਤੋਂ ਬਾਅਦ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਤਿੰਨ ਗੱਡੀਆਂ ਨੂੰ ਅੱਗ ਲਾ ਦਿਤੀ । ਉਨ੍ਹਾਂ ਦਸਿਆ ਕਿ ਇਸ ਘਟਨਾ ਤੋਂ ਬਾਅਦ ਥੌਬਲ, ਇੰਫਾਲ ਪੂਰਬੀ, ਇੰਫਾਲ ਪਛਮੀ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ’ਚ ਫਿਰ ਤੋਂ ਕਰਫਿਊ ਲਗਾ ਦਿਤਾ ਗਿਆ ਹੈ।
ਅਨੁਸੂਚਿਤ ਜਨਜਾਤੀ (ਐਸਟੀ) ਦਾ ਦਰਜਾ ਦੇਣ ਦੀ ਮੇਈਟੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿਚ ਪਹਾੜੀ ਜ਼ਿਲ੍ਹਿਆਂ ਵਿਚ 3 ਮਈ ਨੂੰ ਕਬਾਇਲੀ ਏਕਤਾ ਮਾਰਚ ਤੋਂ ਬਾਅਦ ਸੂਬੇ ਵਿਚ ਜਾਤੀ ਹਿੰਸਾ ਭੜਕ ਗਈ ਸੀ। ਹਿੰਸਾ ਦੀਆਂ ਘਟਨਾਵਾਂ 'ਚ ਹੁਣ ਤਕ ਲਗਭਗ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋ ਚੁੱਕੇ ਹਨ। ਮੇਈਟੀ ਭਾਈਚਾਰਾ ਮਨੀਪੁਰ ਦੀ ਆਬਾਦੀ ਦਾ ਲਗਭਗ 53 ਫ਼ੀ ਸਦੀ ਬਣਦਾ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ ਵਿਚ ਰਹਿੰਦੇ ਹਨ। ਇਸ ਦੇ ਨਾਲ ਹੀ ਨਾਗਾ ਅਤੇ ਕੂਕੀ ਆਦਿਵਾਸੀਆਂ ਦੀ ਆਬਾਦੀ ਲਗਭਗ 40 ਫ਼ੀ ਸਦੀ ਹੈ ਅਤੇ ਉਹ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ਵਿਚ ਰਹਿੰਦੇ ਹਨ।
(For more Punjabi news apart from Manipur News, stay tuned to Rozana Spokesman)