Drivers protest : ਨਵੇਂ ਕਾਨੂੰਨ ਵਿਰੁਧ ਦੇਸ਼ ਭਰ ’ਚ ਸੜਕਾਂ ’ਤੇ ਡਰਾਈਵਰ, ਜਾਣੋ ਕੀ ਹੈ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ’ਚ ਪੁਲਿਸ ਨੇ ਕੀਤੀ ਹਲਕੀ ਤਾਕਤ ਦੀ ਵਰਤੋਂ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਧਿਕਾਰੀ ’ਤੇ ਪਿਸਤੌਲ ਨਾਲ ਡਰਾਉਣ ਦਾ ਦੋਸ਼ ਲਾਇਆ

Jammu: Members of the All Jammu and Kashmir Oil Tankers Association raise slogans during a protest, in Jammu, Monday, Jan 1, 2024. (PTI Photo)

Drivers protest : ‘ਹਿੱਟ ਐਂਡ ਰਨ’ ਮਾਮਲਿਆਂ ’ਚ ਸਖ਼ਤ ਸਜ਼ਾ ਦੇਣ ਵਾਲੇ ਨਵੇਂ ਕਾਨੂੰਨ ਦੇ ਵਿਰੋਧ ’ਚ ਟਰੱਕ ਡਰਾਈਵਰਾਂ ਨੇ ਸੋਮਵਾਰ ਨੂੰ ਦੇਸ਼ ਭਰ ’ਚ ਪ੍ਰਦਰਸ਼ਨ ਕੀਤਾ। ਮੱਧ ਪ੍ਰਦੇਸ਼ ’ਚ ਮੁੰਬਈ-ਆਗਰਾ ਨੈਸ਼ਨਲ ਹਾਈਵੇ ਅਤੇ ਹੋਰ ਆਮ ਸੜਕਾਂ ਨੂੰ ਜਾਮ ਕਰ ਦਿਤਾ। ਇਸ ਕਾਰਨ ਗੱਡੀਆਂ ’ਤੇ ਸਵਾਰ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਮ ਜ਼ਰੂਰਤਾਂ ਦੀ ਆਵਾਜਾਈ ਪ੍ਰਭਾਵਤ ਹੋਈ। ਜੰਮੂ-ਕਸ਼ਮੀਰ ਤੋਂ ਵੀ ਤੇਲ ਟੈਂਕਰਾਂ ਵਲੋਂ ਪ੍ਰਦਰਸ਼ਨ ਦੀਆਂ ਖ਼ਬਰਾਂ ਹਨ।

‘ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ’ ਦੀ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਸੀ.ਐਲ. ਮੁਕਾਤੀ ਨੇ ਕਿਹਾ, ‘‘ਹਿੱਟ ਐਂਡ ਰਨ ਮਾਮਲਿਆਂ ’ਚ ਸਰਕਾਰ ਵਲੋਂ ਅਚਾਨਕ ਸਖਤ ਵਿਵਸਥਾਵਾਂ ਲਾਗੂ ਕੀਤੇ ਜਾਣ ਨੂੰ ਲੈ ਕੇ ਡਰਾਈਵਰਾਂ ’ਚ ਨਾਰਾਜ਼ਗੀ ਹੈ ਅਤੇ ਉਹ ਮੰਗ ਕਰਦੇ ਹਨ ਕਿ ਇਨ੍ਹਾਂ ਵਿਵਸਥਾਵਾਂ ਨੂੰ ਵਾਪਸ ਲਿਆ ਜਾਵੇ।’’

ਉਨ੍ਹਾਂ ਕਿਹਾ ਕਿ ਸਰਕਾਰ ਨੂੰ ‘ਹਿੱਟ ਐਂਡ ਰਨ’ ਮਾਮਲਿਆਂ ’ਚ ਸਖਤ ਪ੍ਰਬੰਧ ਕਰਨ ਤੋਂ ਪਹਿਲਾਂ ਵਿਦੇਸ਼ਾਂ ਵਾਂਗ ਬਿਹਤਰ ਸੜਕ ਅਤੇ ਆਵਾਜਾਈ ਪ੍ਰਣਾਲੀ ਨੂੰ ਯਕੀਨੀ ਬਣਾਉਣ ’ਤੇ ਅਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਆਈ.ਪੀ.ਸੀ. ਦੀ ਥਾਂ ਲੈਣ ਜਾ ਰਹੀ ਭਾਰਤੀ ਨਿਆਂ ਸੰਹਿਤਾ ’ਚ ਉਨ੍ਹਾਂ ਡਰਾਈਵਰਾਂ ਲਈ 10 ਸਾਲ ਤਕ ਦੀ ਕੈਦ ਦਾ ਪ੍ਰਬੰਧ ਹੈ ਜੋ ਕਿਸੇ ਵੀ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਹਾਦਸੇ ਬਾਰੇ ਸੂਚਿਤ ਕੀਤੇ ਬਗ਼ੈਰ ਮੌਕੇ ਤੋਂ ਭੱਜ ਜਾਂਦੇ ਹਨ। 

ਚਸ਼ਮਦੀਦਾਂ ਨੇ ਦਸਿਆ ਕਿ ਧਾਰ ਅਤੇ ਸ਼ਾਜਾਪੁਰ ਜ਼ਿਲ੍ਹਿਆਂ ’ਚ ਸੈਂਕੜੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਕਿਉਂਕਿ ਡਰਾਈਵਰਾਂ ਨੇ ਮੁੰਬਈ ਨੂੰ ਆਗਰਾ ਨਾਲ ਜੋੜਨ ਵਾਲੇ ਕੌਮੀ ਰਾਜਮਾਰਗ ਨੂੰ ਜਾਮ ਕਰ ਦਿਤਾ ਸੀ। 

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇੰਦੌਰ ਦੇ ਵਿਜੇ ਨਗਰ ਚੌਰਾਹੇ ’ਤੇ ਚੱਕਾਜਾਮ ਕਰਨ ਦੀ ਕੋਸ਼ਿਸ਼ ਦੌਰਾਨ ਚਾਰ ਪਹੀਆ ਗੱਡੀਆਂ ਤੋਂ ਮੁਸਾਫ਼ਰਾਂ ਨੂੰ ਜ਼ਬਰਦਸਤੀ ਹਟਾਉਣ ਵਾਲੇ ਪ੍ਰਦਰਸ਼ਨਕਾਰੀ ਡਰਾਈਵਰਾਂ ਨੂੰ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਭਜਾ ਦਿਤਾ।

ਚਸ਼ਮਦੀਦਾਂ ਨੇ ਦਸਿਆ ਕਿ ਇੰਦੌਰ ’ਚ ਇਕ ਹੋਰ ਘਟਨਾ ’ਚ ਡਰਾਈਵਰਾਂ ਨੇ ਗੰਗਵਾਲ ਬੱਸ ਸਟੈਂਡ ਨੇੜੇ ਚੌਰਾਹੇ ’ਤੇ ਬੱਸ ਖੜੀ ਕਰ ਦਿਤੀ ਅਤੇ ਧਰਨਾ ਦੇ ਦਿਤਾ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਹਾਇਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਹੇਮੰਤ ਚੌਹਾਨ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਨਾਕਾਬੰਦੀ ਖਤਮ ਕਰਨ ਦੀ ਸਖ਼ਤ ਸ਼ਬਦਾਂ ’ਚ ਚੇਤਾਵਨੀ ਦਿਤੀ ਗਈ ਸੀ। 

ਉਨ੍ਹਾਂ ਕਿਹਾ ਕਿ ਸੜਕ ’ਤੇ ਆਵਾਜਾਈ ਰੋਕਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 
ਨਵੇਂ ਸਾਲ ਦੇ ਪਹਿਲੇ ਦਿਨ ਸੂਬੇ ਦੇ ਪਟਰੌਲ ਪੰਪਾਂ ’ਤੇ ਵੀ ਲੰਮੀਆਂ ਕਤਾਰਾਂ ਵੇਖੀਆਂ ਗਈਆਂ ਕਿਉਂਕਿ ਵਿਰੋਧ ਪ੍ਰਦਰਸ਼ਨ ’ਚ ਟੈਂਕਰ ਡਰਾਈਵਰਾਂ ਦੀ ਸ਼ਮੂਲੀਅਤ ਕਾਰਨ ਤੇਲ ਦੇ ਸਟਾਕ ’ਤੇ ਅਸਰ ਪੈਣ ਦਾ ਡਰ ਸੀ।

ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਸਾਹਮਣੇ ਆਇਆ ਹੈ, ਜਿਸ ’ਚ ਡਰਾਈਵਰ ਸੜਕ ’ਤੇ ਪ੍ਰਦਰਸ਼ਨ ਦੌਰਾਨ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ ਅਤੇ ਦੋਸ਼ ਲਗਾ ਰਹੇ ਹਨ ਕਿ ਇਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਡਰਾਉਣ ਲਈ ਪਿਸਤੌਲ ਕੱਢੀ। 

ਇੰਦੌਰ ਦੇ ਡੀ.ਐਸ.ਪੀ. ਉਮਾਕਾਂਤ ਚੌਧਰੀ ਨੇ ਦਸਿਆ ਕਿ ਇਹ ਘਟਨਾ ਐਤਵਾਰ ਨੂੰ ਸ਼ਿਪਰਾ ਥਾਣਾ ਖੇਤਰ ’ਚ ਵਾਪਰੀ ਪਰ ਉਨ੍ਹਾਂ ਨੇ ਪ੍ਰਦਰਸ਼ਨਕਾਰੀ ਡਰਾਈਵਰਾਂ ਦੇ ਦੋਸ਼ਾਂ ਤੋਂ ਇਨਕਾਰ ਕੀਤਾ। 

ਪੁਲਿਸ ਅਧਿਕਾਰੀ ਸਿਰਫ ਅਪਣੀ ਪਿਸਤੌਲ ਨੂੰ ਚਮੜੇ ਦੇ ਸ਼ੈੱਲ ’ਚ ਰੱਖ ਰਿਹਾ ਸੀ। ਉਸ ਦਾ ਇਰਾਦਾ ਪ੍ਰਦਰਸ਼ਨਕਾਰੀਆਂ ਨੂੰ ਡਰਾਉਣਾ ਨਹੀਂ ਸੀ।

(For more Punjabi news apart from Drivers protest, stay tuned to Rozana Spokesman)