New Year Weather Update : ਹਰਿਆਣਾ ਤੇ ਪੰਜਾਬ ’ਚ ਠੰਢ ਦਾ ਕਹਿਰ ਜਾਰੀ, ਦਿੱਲੀ ਨੂੰ ਰਾਹਤ
ਦਿੱਲੀ ’ਚ ਛੇ ਸਾਲਾਂ ’ਚ ਸਭ ਤੋਂ ਗਰਮ ਰਿਹਾ ਦਸੰਬਰ ਦਾ ਮਹੀਨਾ
New Year Weather Update : ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਸੋਮਵਾਰ ਨੂੰ ਠੰਢ ਦੀ ਸਥਿਤੀ ਬਣੀ ਰਹੀ। ਸਭ ਤੋਂ ਠੰਢਾ ਜ਼ਿਲ੍ਹਾ ਗੁਰਦਾਸਪੁਰ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸਵੇਰੇ ਦੋਹਾਂ ਸੂਬਿਆਂ ’ਚ ਕੁੱਝ ਥਾਵਾਂ ’ਤੇ ਦਰਮਿਆਨੀ ਧੁੰਦ ਰਹੀ।
ਪੰਜਾਬ ਦੇ ਫਰੀਦਕੋਟ ’ਚ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ, ਲੁਧਿਆਣਾ ’ਚ 8.2 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ ’ਚ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਅਤੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ਦੇ ਕਰਨਾਲ ’ਚ ਘੱਟੋ-ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ, ਹਿਸਾਰ, ਨਾਰਨੌਲ ਅਤੇ ਭਿਵਾਨੀ ’ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 8.3 ਡਿਗਰੀ ਸੈਲਸੀਅਸ, 8.8 ਡਿਗਰੀ ਸੈਲਸੀਅਸ ਅਤੇ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ’ਚ ਨਵੇਂ ਸਾਲ ਦੀ ਸਵੇਰ ਹੋਰ ਦਿਨਾਂ ਨਾਲੋਂ ਗਰਮ
ਜਦਕਿ ਰਾਜਧਾਨੀ ਦਿੱਲੀ ’ਚ ਸੋਮਵਾਰ ਨੂੰ ਨਵੇਂ ਸਾਲ ਦੀ ਸਵੇਰ ਹੋਰ ਦਿਨਾਂ ਦੇ ਮੁਕਾਬਲੇ ਗਰਮ ਰਹੀ ਅਤੇ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਤਿੰਨ ਡਿਗਰੀ ਵੱਧ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੌਸਮ ਕੇਂਦਰ ਸਫਦਰਜੰਗ ’ਚ ਦ੍ਰਿਸ਼ਤਾ 700 ਮੀਟਰ ਅਤੇ ਪਾਲਮ ’ਚ 1200 ਮੀਟਰ ਸੀ। ਮੌਸਮ ਵਿਗਿਆਨੀਆਂ ਨੇ ਦਸਿਆ ਕਿ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਅਤੇ ਕੁੱਝ ਥਾਵਾਂ ’ਤੇ ਦਿਨ ਦੌਰਾਨ ਮੌਸਮ ਠੰਢਾ ਰਹਿਣ ਦੀ ਸੰਭਾਵਨਾ ਹੈ।
ਭਾਰਤੀ ਰੇਲਵੇ ਮੁਤਾਬਕ ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 21 ਰੇਲ ਗੱਡੀਆਂ ਇਕ ਤੋਂ ਪੰਜ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਸਵੇਰੇ ਸਾਢੇ ਅੱਠ ਵਜੇ ਨਮੀ ਦਾ ਪੱਧਰ 88 ਫ਼ੀ ਸਦੀ ਦਰਜ ਕੀਤਾ ਗਿਆ।
ਠੰਢ ਹੀ ਨਹੀਂ ਦਿੱਲੀ ਨੂੰ ਹਵਾ ਪ੍ਰਦੂਸ਼ਣ ਨੇ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ। ਰਾਜਧਾਨੀ ’ਚ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਸਵੇਰੇ 9 ਵਜੇ 356 ਦਰਜ ਕੀਤਾ ਗਿਆ, ਜੋ ‘ਬਹੁਤ ਖਰਾਬ’ ਸ਼੍ਰੇਣੀ ’ਚ ਆਉਂਦਾ ਹੈ।
ਰਾਜਧਾਨੀ ’ਚ ਦਸੰਬਰ 2023 ਛੇ ਸਾਲਾਂ ’ਚ ਸੱਭ ਤੋਂ ਗਰਮ ਮਹੀਨਾ ਸੀ ਅਤੇ ਕੌਮੀ ਰਾਜਧਾਨੀ ’ਚ ਪੂਰੇ ਮਹੀਨੇ ’ਚ ਇਕ ਵੀ ‘ਸ਼ੀਤ ਲਹਿਰ’ ਦਾ ਦਿਨ ਦਰਜ ਨਹੀਂ ਕੀਤਾ ਗਿਆ।
ਨਵੇਂ ਸਾਲ ਦੀ ਸ਼ੁਰੂਆਤ ਨਾਲ ਕਸ਼ਮੀਰ ’ਚ ਠੰਢ ਵਧੀ
ਕਸ਼ਮੀਰ ’ਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਠੰਢ ਵਧ ਗਈ ਹੈ ਅਤੇ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਜੰਮਣ ਬਿੰਦੂ ਤੋਂ ਦੋ ਤੋਂ ਤਿੰਨ ਡਿਗਰੀ ਹੇਠਾਂ ਆ ਗਿਆ ਹੈ।
ਕਸ਼ਮੀਰ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ ’ਚ ਬਰਫਬਾਰੀ ਨਹੀਂ ਹੋਈ ਅਤੇ ਮੌਸਮ ਖੁਸ਼ਕ ਰਿਹਾ। ਵਾਦੀ ਦੇ ਉੱਪਰਲੇ ਇਲਾਕਿਆਂ ’ਚ ਦਸੰਬਰ ਦੇ ਅੰਤ ਤਕ ਆਮ ਨਾਲੋਂ ਘੱਟ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦਸਿਆ ਕਿ ਸ੍ਰੀਨਗਰ ਸਮੇਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ।
ਉਨ੍ਹਾਂ ਦਸਿਆ ਕਿ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਮਾਈਨਸ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ -3.4 ਡਿਗਰੀ ਸੈਲਸੀਅਸ ਸੀ। ਉਨ੍ਹਾਂ ਨੇ ਦਸਿਆ ਕਿ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ -5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਮਾਈਨਸ 3.4 ਡਿਗਰੀ ਸੈਲਸੀਅਸ ਸੀ।
ਕਾਜ਼ੀਗੁੰਡ ’ਚ ਘੱਟੋ-ਘੱਟ ਤਾਪਮਾਨ -3.6 ਡਿਗਰੀ ਸੈਲਸੀਅਸ, ਕੋਕਰਨਾਗ ਸ਼ਹਿਰ ’ਚ -1.7 ਡਿਗਰੀ ਸੈਲਸੀਅਸ ਅਤੇ ਕੁਪਵਾੜਾ ’ਚ -4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਸ਼ਮੀਰ ਇਸ ਸਮੇਂ ਚਿੱਲਾਈ-ਕਲਾਂ ਦੀ ਲਪੇਟ ’ਚ ਹੈ। ਇਹ 40 ਦਿਨਾਂ ਦੀ ਤੀਬਰ ਸਰਦੀ ਦਾ ਸਮਾਂ ਹੁੰਦਾ ਹੈ। ਇਸ ਸਮੇਂ ਦੌਰਾਨ, ਖੇਤਰ ’ਚ ਸ਼ੀਤ ਲਹਿਰ ਜਾਰੀ ਰਹਿੰਦੀ ਹੈ ਅਤੇ ਤਾਪਮਾਨ ’ਚ ਭਾਰੀ ਗਿਰਾਵਟ ਆਉਂਦੀ ਹੈ, ਜਿਸ ਨਾਲ ਪ੍ਰਸਿੱਧ ਡਲ ਝੀਲ ਸਮੇਤ ਜਲ ਸਰੋਤਾਂ ਨੂੰ ਠੰਢਾ ਕਰ ਦਿਤਾ ਜਾਂਦਾ ਹੈ। ਵਾਦੀ ਦੇ ਕਈ ਹਿੱਸਿਆਂ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਮੇਂ ਦੌਰਾਨ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਅਤੇ ਉੱਚੇ ਇਲਾਕਿਆਂ ’ਚ ਭਾਰੀ ਬਰਫਬਾਰੀ ਵੀ ਹੁੰਦੀ ਹੈ। ਚਿੱਲਾਈ-ਕਲਾਂ 31 ਜਨਵਰੀ ਨੂੰ ਸਮਾਪਤ ਹੋਵੇਗਾ। ਚਿਲਾਈ-ਕਲਾਂ 21 ਦਸੰਬਰ ਤੋਂ ਸ਼ੁਰੂ ਹੋ ਕੇ 31 ਜਨਵਰੀ ਤਕ ਚੱਲੇਗਾ। ਇਸ ਤੋਂ ਬਾਅਦ ਕਸ਼ਮੀਰ ’ਚ 20 ਦਿਨ ਚਿੱਲਾਈ-ਖੁਰਦ (ਛੋਟੀ ਠੰਢ) ਅਤੇ 10 ਦਿਨ ’ਚ ‘ਚਿਲਾਈ-ਬੱਚਾ’ (ਹਲਕੀ ਠੰਢ) ਹੁੰਦੀ ਹੈ। ਇਸ ਦੌਰਾਨ ਸੀਤ ਲਹਿਰ ਜਾਰੀ ਰਹਿੰਦੀ ਹੈ।
(For more Punjabi news apart from New Year Weather Update, stay tuned to Rozana Spokesman)