Karnataka : ਤਿੰਨ ਬੱਚਿਆਂ ਦੇ ਕਾਲਤ ਪਿਤਾ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
Karnataka : ਪਤਨੀ ਨੂੰ ਖੂਹ ਵਿਚ ਧੱਕਾ ਦੇ ਕੇ ਮਾਰਨ ਦੀ ਵੀ ਕੀਤੀ ਸੀ ਕੋਸ਼ਿਸ਼
Karnataka : ਮੰਗਲੁਰੂ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਉਸ ਨੂੰ ਅਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਅਤੇ ਪਤਨੀ ਨੂੰ ਖੂਹ ਵਿਚ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। 31 ਦਸੰਬਰ ਨੂੰ ਤੀਜੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੀ ਜੱਜ ਸੰਧਿਆ ਨੇ ਹਿਤੇਸ਼ ਸ਼ੈਟੀਗਰ ਨੂੰ ਉਸ ਦੇ ਘਿਨਾਉਣੇ ਕੰਮ ਲਈ ਮੌਤ ਦੀ ਸਜ਼ਾ ਸੁਣਾਈ।
ਪੁਲਿਸ ਮੁਤਾਬਕ ਇਹ ਘਟਨਾ 23 ਜੂਨ 2022 ਨੂੰ ਪਿੰਡ ਪਦਮਨੂਰ ਵਿਚ ਵਾਪਰੀ ਸੀ। ਦੋਸ਼ੀ ਨੇ ਕਥਿਤ ਤੌਰ ’ਤੇ ਅਪਣੇ ਤਿੰਨ ਬੱਚਿਆਂ ਨੂੰ ਖੂਹ ’ਚ ਧੱਕਾ ਦੇ ਦਿਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਸ ਨੇ ਅਪਣੀ ਪਤਨੀ ਲਕਸ਼ਮੀ ਨੂੰ ਵੀ ਉਸੇ ਖੂਹ ਵਿਚ ਧੱਕਾ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਬੇਰੁਜ਼ਗਾਰ ਸੀ ਅਤੇ ਅਕਸਰ ਹੀ ਅਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ।
ਘਟਨਾ ਵਾਲੇ ਦਿਨ ਆਪਸੀ ਰੰਜਿਸ਼ ਕਾਰਨ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਪਣੇ ਬੱਚਿਆਂ ਦੇ ਸਕੂਲ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਔਰਤ ਨੇ ਮਦਦ ਲਈ ਚੀਕਿਆ ਤਾਂ ਆਸ-ਪਾਸ ਕੰਮ ਕਰਦੇ ਫੁੱਲ ਵਿਕਰੇਤਾ ਨੇ ਉਸ ਦੀਆਂ ਚੀਕਾਂ ਸੁਣ ਕੇ ਖੂਹ ’ਚ ਚੜ੍ਹ ਕੇ ਉਸ ਨੂੰ ਬਚਾਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵੱਡੀ ਬੇਟੀ ਨੇ ਖੂਹ ’ਚ ਲੱਗੇ ਪੰਪ ਦੀ ਪਾਈਪ ਨਾਲ ਚਿਪਕ ਕੇ ਅਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਹ ਬਚ ਨਾ ਸਕੇ ਇਸ ਲਈ ਦੋਸ਼ੀ ਨੇ ਚਾਕੂ ਨਾਲ ਪਾਈਪ ਨੂੰ ਕੱਟ ਦਿਤਾ।