ਚੋਣ ਵਰ੍ਹਾ ਹੈ, ਖੁਲ੍ਹੇ ਦਿਮਾਗ਼ ਨਾਲ ਕਰੋ ਬਹਿਸ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਨੇ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਦਿਤਾ ਕਿ ਉਹ ਸੰਸਦ ਦੇ ਬਜਟ ਇਜਲਾਸ ਦੀ ਵਰਤੋਂ ਹਾਂਪੱਖੀ ਚਰਚਾ ਲਈ ਕਰਨ...

Pm Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਨੇ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਦਿਤਾ ਕਿ ਉਹ ਸੰਸਦ ਦੇ ਬਜਟ ਇਜਲਾਸ ਦੀ ਵਰਤੋਂ ਹਾਂਪੱਖੀ ਚਰਚਾ ਲਈ ਕਰਨ। ਉਨ੍ਹਾਂ ਕਿਹਾ ਕਿ ਜੋ ਸਦਨ ਵਿਚ ਚਰਚਾ ਵਿਚ ਹਿੱਸਾ ਨਹੀਂ ਲੈਂਦੇ, ਉਨ੍ਹਾਂ ਪ੍ਰਤੀ ਸਮਾਜ ਵਿਚ ਨਾਰਾਜ਼ਗੀ ਪੈਦਾ ਹੁੰਦੀ ਹੈ। ਮੋਦੀ ਨੇ ਸੰਸਦੀ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭਵਨ ਦੇ ਵਿਹੜੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਅੰਦਰ ਜਾਗਰੂਕਤਾ ਹੈ ਅਤੇ ਸਾਰੇ ਨਾਗਰਿਕ ਸਦਨ ਦੀ ਕਾਰਵਾਈ ਨੂੰ ਗੰਭੀਰਤਾ ਨਾਲ ਵੇਖਦੇ ਹਨ।

ਉਨ੍ਹਾਂ ਕਿਹਾ, 'ਛੋਟੀਆਂ ਚੀਜ਼ਾਂ ਵੀ ਆਮ ਆਦਮੀ ਤਕ ਪਹੁੰਚਦੀਆਂ ਹਨ। ਜਿਹੜੇ ਲੋਕਾਂ ਦੀ ਚਰਚਾ ਵਿਚ ਰੁਚੀ ਨਹੀਂ ਹੈ, ਸਮਾਜ ਵਿਚ ਉਨ੍ਹਾਂ ਵਿਰੁਧ ਆਮ ਤੌਰ 'ਤੇ ਨਾਰਾਜ਼ਗੀ ਹੈ।' ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਸੰਸਦ ਮੈਂਬਰ ਇਨ੍ਹਾਂ ਭਾਵਨਾਵਾਂ ਨੂੰ ਧਿਆਨ ਵਿਚ ਰਖਣਗੇ ਅਤੇ ਚਰਚਾਵਾਂ ਵਿਚ ਹਿੱਸਾ ਲੈ ਕੇ ਇਜਲਾਸ ਦਾ ਲਾਹਾ ਲੈਣਗੇ, ਅਪਣੇ ਵਿਚਾਰ ਪੇਸ਼ ਕਰਨਗੇ ਜਿਸ ਨਾਲ ਸੰਸਦ ਨੂੰ ਅਤੇ ਸਰਕਾਰ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ, 'ਮੈਂ ਇਹ ਵੀ ਜਾਣਦਾ ਹਾਂ ਕਿ ਜਦ ਸਾਰੇ ਸੰਸਦ ਮੈਂਬਰਾਂ ਨੇ ਆਪੋ-ਅਪਣੇ ਖੇਤਰਾਂ ਵਿਚ ਜਾਣਾ ਹੈ ਤਾਂ ਅਜਿਹੇ ਵਿਚ ਉਹ ਜੋ ਵੀ ਹਾਂਪੱਖੀ ਵਰਤਾਅ ਕਰਨਗੇ,

ਤਾਂ ਉਸ ਨਾਲ ਉਨ੍ਹਾਂ ਦੇ ਖੇਤਰਾਂ ਵਿਚ ਹਾਂਪੱਖੀ ਲਾਭ ਮਿਲੇਗਾ ਅਤੇ ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਜਨਤਾ ਸੰਸਦ ਮੈਂਬਰਾਂ ਨੂੰ ਕਿਵੇਂ ਵੇਖਦੀ ਹੈ।' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੰਤਰ ਹੈ, 'ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ।'  ਇਹੋ ਭਾਵਨਾ ਸੰਸਦ ਵਿਚ ਵਿਖਾਈ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, 'ਅਸੀਂ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਉਤਸੁਕ ਹਾਂ। ਮੈਂ ਖੁਲ੍ਹੇ ਦਿਮਾਗ਼ ਨਾਲ ਚਰਚਾ ਦਾ ਸਵਾਗਤ ਕਰਾਂਗਾ, ਸੰਸਦ ਦੀ ਬੇਰੋਕ ਕਾਰਵਾਈ ਦਾ ਸਵਾਗਤ ਕਰਾਂਗਾ, ਮੈਂ ਇਸ ਗੱਲ ਦਾ ਸਵਾਗਤ ਕਰਾਂਗੇ ਕਿ ਸਾਰੇ ਸੰਸਦ ਮੈਂਬਰ ਭਾਰਤ ਦਾ ਭਵਿੱਖ ਬਣਾਉਣ ਲਈ ਮਿਲ ਕੇ ਕੰਮ ਕਰਨ।'  (ਏਜੰਸੀ)