ਹਿੰਦੂ ਸਮਾਜ ਬਹੁਤ ਦੁਖੀ ਹੈ : ਭਾਗਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਬਰੀਮਲਾ ਬਾਰੇ ਜਾਰੀ ਵਿਵਾਦ ਵਿਚਾਲੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਸਮਾਜ ਦੀ ਭਾਵਨਾ ਨੂੰ ਠੇਸ ......

RSS Chief Mohan Bhagwat

ਪ੍ਰਯਾਗਰਾਜ : ਸਬਰੀਮਲਾ ਬਾਰੇ ਜਾਰੀ ਵਿਵਾਦ ਵਿਚਾਲੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਸਮਾਜ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਲਈ ਨਵੀਆਂ ਨਵੀਆਂ ਯੋਜਨਾਵਾਂ ਚਲ ਰਹੀਆਂ ਹਨ। ਸਵਾਮੀ ਵਾਸੂਦੇਵਾਨੰਦ ਸਰਸਵਤੀ ਦੀ ਅਗਵਾਈ ਵਿਚ ਸ਼ੁਰੂ ਹੋਈ ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸੰਸਦ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਕੇਰਲਾ ਦੀ ਖੱਬੇਪੱਖੀ ਸਰਕਾਰ, ਅਦਾਲਤ ਦੇ ਹੁਕਮਾਂ ਤੋਂ ਪਰੇ ਜਾ ਰਹੀ ਹੈ। ਅਯੱਪਾ ਦੇ ਭਗਤਾਂ ਦਾ ਦਮਨ ਕੀਤਾ ਜਾ ਰਿਹਾ ਹੈ ਜਿਸ ਤੋਂ ਹਿੰਦੂ ਸਮਾਜ ਦੁਖੀ ਹੈ। 

ਸੰਘ ਮੁਖੀ ਨੇ ਕਿਹਾ, 'ਅਸੀਂ ਹਿੰਦੂ ਸਮਾਜ ਦੇ ਇਸ ਅੰਦੋਲਨ ਦਾ ਸਮਰਥਨ ਕਰਦੇ ਹਾਂ। ਅੱਜ ਹਿੰਦੂ ਸਮਾਜ ਵਿਰੁਧ ਸਾਜ਼ਸ਼ਾਂ ਦੇ ਯਤਨ ਹੋ ਰਹੇ ਹਨ। ਇਸ ਲਈ ਧਰਮ ਜਾਗਰਣ ਰਾਹੀਂ ਵਿਛੜੇ ਹੋਏ ਹਿੰਦੂ ਭਰਾਵਾਂ ਨੂੰ ਵਾਪਸ ਲਿਆਉਣ ਦੀ ਲੋੜ ਹੈ।' ਇਸ ਮੌਕੇ ਯੋਗ ਮਾਹਰ ਰਾਮਦੇਵ ਨੇ ਕਿਹਾ ਕਿ ਦੇਸ਼ ਵਿਚ ਬਰਾਬਰ ਨਾਗਰਿਕ ਜ਼ਾਬਤਾ ਅਤੇ ਬਰਾਬਰ ਜਨਸੰਖਿਆ ਦਾ ਕਾਨੂੰਨ ਲਿਆਇਆ ਜਾਣਾ ਚਾਹੀਦਾ ਹੈ।

ਇਸ ਧਰਮ ਸੰਸਦ ਵਿਚ ਸਵਾਮੀ ਪਰਮਾਨੰਦ ਨੇ ਸਬਰੀਮਲਾ ਵਿਚ ਰਵਾਇਤ ਅਤੇ ਸ਼ਰਧਾ ਦੀ ਰਾਖੀ ਕਰਨ ਸਬੰਧੀ ਜਾਰੀ ਸੰਘਰਸ਼ ਵਿਚ ਅਯੋਧਿਆ ਵਿਚ ਰਾਮ ਮੰਦਰ ਅੰਦੋਲਨ ਸਬੰਧੀ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਵੇਖਣ ਨੂੰ ਮਿਲਿਆ ਹੈ ਕਿ ਹਿੰਦੂ ਰਵਾਇਤਾਂ ਪ੍ਰਤੀ ਅਵਿਸ਼ਵਾਸ ਨਿਰਮਾਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬਰੀਮਲਾ ਮੰਦਰ ਇਸ ਦੀ ਤਾਜ਼ਾ ਮਿਸਾਲ ਹੈ ਜਿਸ ਵਿਚ ਕਦੇ ਵਾਤਾਵਰਣ ਦੇ ਨਾਮ 'ਤੇ ਤਾਂ ਕਦੇ ਆਧੁਨਿਕਤਾ ਦੇ ਨਾਮ 'ਤੇ ਇਸ ਤਰ੍ਹਾਂ ਦੇ ਵਿਵਾਦ ਜਾਣ-ਬੁਝ ਕੇ ਖੜੇ ਕੀਤੇ ਜਾ ਰਹੇ ਹਨ। (ਏਜੰਸੀ)