ਹੁਣ ਅਗਲੀ ਸਰਜੀਕਲ ਸਟ੍ਰਾਈਕ ਮੋਦੀ ਸਰਕਾਰ 'ਤੇ ਹੋਵੇਗੀ : ਰਾਹੁਲ ਗਾਂਧੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੀਪੋਰਟ ਮੁਤਾਬਕ ਵਿਪੱਖੀ ਪਾਰਟੀਆਂ ਚਾਹੁੰਦੀਆਂ ਹਨ ਕਿ ਲੋਕਸਭਾ ਚੋਣਾਂ ਵਿਚ 50 ਫ਼ੀ ਸਦੀ ਵੀਵੀਪੈਟਸ ਮਸ਼ੀਨਾਂ ਦੀ ਵਰਤੋਂ ਹੋਵੇ।

Rahul Gandhi

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਅੰਤਰਿਮ ਬਜਟ ਪੇਸ਼ ਕਰਨ ਤੋਂ ਤੁਰਤ ਬਾਅਦ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਈਵੀਐਮ 'ਤੇ ਇਕ ਵਾਰ ਫਿਰ ਤੋਂ ਵਿਚਾਰ-ਵਟਾਂਦਰਾ ਹੋਇਆ। ਰਾਹੁਲ ਗਾਂਧੀ ਨੇ ਕਿਹਾ ਕਿ ਈਵੀਐਮ ਨੂੰ ਲੈ ਕੇ ਲੋਕਾਂ ਦੇ ਦਿਲਾਂ ਵਿਚ ਸ਼ੱਕ ਹੈ। ਉਹਨਾਂ ਕਿਹਾ ਕਿ ਵਿਪੱਖੀ ਪਾਰਟੀਆਂ ਸਰਕਾਰ ਨੂੰ ਬੈਕਅਪ ਪ੍ਰਣਾਲੀ ਸਬੰਧੀ ਕੁਝ ਦੱਸਣਾ ਚਾਹੁੰਦੀਆਂ ਹਨ।

ਰਾਹੁਲ ਨੇ ਦੱਸਿਆ ਕਿ ਇਸ ਦਾ ਮਕਸਦ ਚੋਣਾਂ ਦੀ ਪ੍ਰਕਿਰਿਆ 'ਤੇ ਲੋਕਾਂ ਦੇ ਭਰੋਸੇ ਨੂੰ ਵਧਾਉਣਾ ਹੈ। ਉਹਨਾਂ ਕਿਹਾ ਕਿ ਸੋਮਵਾਰ ਸ਼ਾਮ ਨੂੰ ਸਾਰੇ ਵਿਪੱਖੀ ਦਲ ਦੇ ਨੇਤਾ ਈਵੀਐਮ ਦੇ ਮੁੱਦੇ ਸਬੰਧੀ ਚੋਣ ਆਯੋਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਰੀਪੋਰਟ ਮੁਤਾਬਕ ਵਿਪੱਖੀ ਪਾਰਟੀਆਂ ਚਾਹੁੰਦੀਆਂ ਹਨ ਕਿ ਲੋਕਸਭਾ ਚੋਣਾਂ ਵਿਚ 50 ਫ਼ੀ ਸਦੀ ਵੀਵੀਪੈਟਸ ਮਸ਼ੀਨਾਂ ਦੀ ਵਰਤੋਂ ਹੋਵੇ।

ਕਾਂਗਰਸ ਮੁਖੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਤਿੰਨ ਮੁੱਦਿਆਂ 'ਤੇ ਗੱਲ ਕਰਨ ਲਈ ਸਹਿਮਤ ਹੋਈਆਂ ਹਨ। ਇਹ ਮੁੱਦੇ ਹਨ ਨੌਕਰੀ, ਖੇਤੀ ਅਤੇ ਸਵਿੰਧਾਨਕ ਸੰਸਥਾਵਾਂ 'ਤੇ ਸਰਕਾਰ ਵੱਲੋਂ ਲਗਾਤਾਰ ਹਮਲਾ। ਰਾਹੁਲ ਨੇ ਅੰਤਰਿਮ ਬਜਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿਚ ਨਰਿੰਦਰ ਮੋਦੀ ਸਰਕਾਰ 'ਤੇ ਸਰਜੀਕਲ ਸਟ੍ਰਾਈਕ ਹੋਣ ਵਾਲੀ ਹੈ।

ਦੱਸ ਦਈਏ ਕਿ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਆਰਕੇ ਸਿੰਘ ਨੇ ਅੰਤਰਿਮ ਬਜਟ ਨੂੰ ਵਿਰੋਧੀ ਧਿਰ 'ਤੇ ਸਰਜੀਕਲ ਸਟ੍ਰਾਈਕ ਕਰਾਰ ਦਿਤਾ ਹੈ। ਰਾਹੁਲ ਗਾਂਧੀ 'ਤੇ ਇਸ ਸਬੰਧੀ ਪ੍ਰਤੀਕਿਰਿਆ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿਚ ਨਰਿੰਦਰ ਮੋਦੀ ਸਰਕਾਰ 'ਤੇ ਸਰਜੀਕਲ ਸਟ੍ਰਾਈਕ ਹੋਣ ਵਾਲੀ ਹੈ। 

ਰਾਫੇਲ, ਨੋਟਬੰਦੀ, ਨੌਕਰੀ, ਖੇਤੀ, ਸਾਡੇ ਕੋਲ ਕਈ ਮੁੱਦੇ ਹਨ। ਰਾਹੁਲ ਗਾਂਧੀ ਨੇ ਰਾਫੇਲ ਮੁੱਦੇ 'ਤੇ ਫਿਰ ਤੋਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਇਕ ਗੱਲ ਸਮਝ ਆ ਚੁੱਕੀ ਹੈ ਕਿ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਏ ਨਰਿੰਦਰ ਮੋਦੀ ਜੀ ਸਿੱਧੇ ਦਿੰਦੇ ਹਨ, ਐਚਏਐਲ ਨੂੰ ਵੱਖ ਕਰ ਕੇ ਦਿੰਦੇ ਹਨ, ਸਾਡੇ ਕੋਲ ਮੁੱਦਿਆਂ ਦੀ ਕਮੀ ਨਹੀਂ ਹੈ।