ਮੋਦੀ ਸਰਕਾਰ ਦਾ ਆਖ਼ਰੀ ਬਜਟ ਅੱਜ
ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸ਼ੁਕਰਵਾਰ ਨੂੰ ਅੰਤਰਿਮ ਬਜਟ ਪੇਸ਼ ਕਰ ਰਹੀ ਹੈ.......
ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸ਼ੁਕਰਵਾਰ ਨੂੰ ਅੰਤਰਮ ਬਜਟ ਪੇਸ਼ ਕਰ ਰਹੀ ਹੈ। ਇਹ 16ਵੀਂ ਲੋਕ ਸਭਾ ਦਾ ਆਖ਼ਰੀ ਬਜਟ ਹੈ। ਜ਼ਿਕਰਯੋਗ ਹੈ ਕਿ ਇਹ ਮੁਕੰਮਲ ਬਜਟ ਨਹੀਂ ਹੈ। ਆਮ ਤੌਰ 'ਤੇ ਆਮ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਜਾਂਦੇ ਅੰਤਰਮ ਬਜਟਾਂ ਵਿਚ ਬਹੁਤਾ ਕੁੱਝ ਨਹੀਂ ਹੁੰਦਾ ਜਿਸ ਜ਼ਰੀਏ ਲੋਕਾਂ ਨੂੰ ਲੁਭਾਇਆ ਜਾ ਸਕੇ। ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਨੂੰ ਇਸ ਗੱਲ ਤੋਂ ਜਾਣੂੰ ਕਰਾਇਆ ਹੈ ਕਿ ਸਰਕਾਰ ਅੰਤਰਮ ਬਜਟ ਪੇਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਸਰਕਾਰ ਨੂੰ ਕਿਹਾ ਹੈ ਕਿ ਬਜਟ ਇਜਲਾਸ ਵਿਚ ਗ਼ੈਰ-ਵਿਵਾਦਤ ਬਿਲਾਂ ਨੂੰ ਹੀ ਪਾਸ ਕਰਾਉਣ ਲਈ ਲਿਆਏ। ਸਰਬ-ਪਾਰਟੀ ਬੈਠਕ ਮਗਰੋਂ ਆਜ਼ਾਦ ਨੇ ਪੱਤਰਕਾਰਾਂ ਨੂੰ ਕਿਹਾ, 'ਸਿਰਫ਼ ਉਨ੍ਹਾਂ ਬਿਲਾਂ ਨੂੰ ਲਿਆਉਣਾ ਚਾਹੀਦਾ ਹੈ ਜੋ ਵਿਵਾਦਤ ਨਹੀਂ ਹਨ ਅਤੇ ਜਿਨ੍ਹਾਂ 'ਤੇ ਸਾਰਿਆਂ ਦੀ ਸਹਿਮਤੀ ਹੈ।' ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਸੁਝਾਅ ਦਿਤਾ ਕਿ ਜੇ ਸਰਕਾਰ ਵਿਵਾਦਤ ਬਿਲਾਂ 'ਤੇ ਜ਼ੋਰ ਦਿੰਦੀ ਹੈ ਤਾਂ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਣਾ ਮੁਸ਼ਕਲ ਹੋਵੇਗਾ।
ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਵੀ ਕਿਹਾ ਕਿ ਸਰਕਾਰ ਨੂੰ ਇਸ ਇਜਲਾਸ ਵਿਚ ਵਿਵਾਦਤ ਬਿੱਲ ਨਹੀਂ ਲਿਆਉਣਾ ਚਾਹੀਦਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਬੀਆਈ ਦੇ ਰੂਪ ਵਿਚ ਭਾਈਵਾਲ ਮਿਲ ਗਿਆ ਹੈ। (ਏਜੰਸੀ)