ਬਜਟ ਨੂੰ ਲੈ ਕੇ ਰਾਹੁਲ ਦਾ ਕੇਂਦਰ ‘ਤੇ ਨਿਸ਼ਾਨਾ,ਦੇਸ਼ ਦੀ ਸੰਪਤੀ ਪੂੰਜੀਪਤੀਆਂ ਹੱਥ ਸੌਂਪ ਰਹੀ ਹੈ ਸਰਕਾਰ
ਕਿਹਾ, ਸਰਕਾਰ ਲੋਕਾਂ ਦੇ ਹੱਥਾਂ ਵਿਚ ਪੈਸਾ ਦੇਣਾ ਭੁੱਲ ਗਈ ਹੈ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਾਲਾਨ ਬਜਟ ਪੇਸ਼ ਕਰ ਦਿਤਾ ਹੈ। ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ। ਭਾਜਪਾ ਨਾਲ ਸਬੰਧਤ ਆਗੂ ਇਸ ਨੂੰ ਕ੍ਰਾਤੀਕਾਰੀ ਬਜਟ ਕਰਾਰ ਦੇ ਰਹੇ ਹਨ ਜਦਕਿ ਕਾਂਗਰਸ ਸਮੇਤ ਜ਼ਿਆਦਾਤਰ ਵਿਰੋਧੀ ਧਿਰਾਂ ਨੂੰ ਲੋਕ ਵਿਰੋਧੀ ਕਹਿ ਰਹੀਆਂ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਜਟ ਨੂੰ ਕਾਰਪੋਰੇਟ ਪੱਖੀ ਕਰਾਰ ਦਿੰਦਿਆਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।
ਰਾਹੁਲ ਗਾਂਧੀ ਮੁਤਾਬਕ ਕੇਂਦਰ ਸਰਕਾਰ ਦੇਸ਼ ਦੀ ਸੰਪਤੀ ਨੂੰ ਆਪਣੇ ਭਾਈਵਾਲ ਪੂੰਜੀਪਤੀਆਂ ਹੱਥ ਸੌਂਪਣਾ ਚਾਹੁੰਦੀ ਹੈ, ਜਿਸ ਦੀ ਮਿਸਾਲ ਅੱਜ ਪੇਸ਼ ਕੀਤੇ ਗਏ ਬਜਟ ਤੋਂ ਮਿਲਦੀ ਹੈ। ਟਵੀਟ ਜ਼ਰੀਏ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਆਮ ਲੋਕਾਂ ਦੇ ਹੱਥ ਵਿਚ ਪੈਸਾ ਦੇਣਾ ਭੁੱਲ ਗਈ ਹੈ।
ਕਾਬਲੇਗੌਰ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੋਮਵਾਰ ਨੂੰ ਪੇਸ਼ ਕੀਤੇ ਬਜਟ ਵਿਚ ਸਰਕਾਰ ਨੇ ਦੇਸ਼ ਵਿਚ ਬੁਨਿਆਦੀ ਢਾਂਚੇ ਦੇ ਨਿਰਮਾਣ ਜ਼ਰੀਏ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਵਿੱਤੀ ਸਾਲ 2021-22 ਵਿਚ ਪੂੰਜੀਗਤ ਖ਼ਰਚ ਨੂੰ 34.5 ਫ਼ੀਸਦੀ ਵਧਾ ਕੇ 5.5 ਲੱਖ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਰੱਖਿਆ ਹੈ। ਜਨਤਕ ਖੇਤਰ ਅਤੇ ਵਿੱਤੀ ਸੰਸਥਾਵਾਂ ਵਿਚ ਹਿੱਸੇਦਾਰੀ ਵਿਕਰੀ ਤੋਂ ਵਿੱਤੀ ਸਾਲ 2021-22 ’ਚ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਟੀਕਾਕਰਨ ਮੁਹਿੰਮ ਲਈ 35,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
ਇਸੇ ਤਰ੍ਹਾਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਟਵੀਟ ਜ਼ਰੀਏ ਪੇਸ਼ ਬਜਟ ‘ਤੇ ਸਵਾਲ ਉਠਾਏ ਹਨ। ਮੁਨੀਸ਼ ਤਿਵਾੜੀ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਭਾਸ਼ਣ ’ਚ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ 37 ਮਹੀਨਿਆਂ ਦੀ ਰਿਕਾਰਡ ਗਿਰਾਵਟ ਦਾ ਜ਼ਿਕਰ ਨਹੀਂ ਹੈ ਅਤੇ ਇਸ ’ਚ ਅਰਥਵਿਵਸਥਾ ਨੂੰ ਰਫ਼ਤਾਰ ਦੇਣ ’ਤੇ ਧਿਆਨ ਨਹੀਂ ਦਿੱਤਾ ਗਿਆ।
ਮਨੀਸ਼ ਤਿਵਾੜੀ ਇਸ ਸਮੇਂ ਜੀ. ਡੀ. ਪੀ. ਵਿਚ 37 ਮਹੀਨਿਆਂ ਦੀ ਰਿਕਾਰਡ ਗਿਰਾਵਟ ਹੈ। 1991 ਤੋਂ ਬਾਅਦ ਇਹ ਸਭ ਤੋਂ ਵੱਡਾ ਸੰਕਟ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੇਸ਼ ਦੀਆਂ ਬਹੁ-ਕੀਮਤੀ ਸੰਪਤੀਆਂ ਨੂੰ ਵੇਚਣ ਤੋਂ ਇਲਾਵਾ ਬਜਟ ’ਚ ਕੋਈ ਮੁੱਖ ਧਿਆਨ ਨਹੀਂ ਦਿੱਤਾ ਗਿਆ। ਮਨੀਸ਼ ਤਿਵਾੜੀ ਨੇ ਅੱਗੇ ਕਿਹਾ ਕਿ ਮੁੱਖ ਗੱਲ ਇਹ ਹੈ ਕਿ ਅਰਥਵਿਵਸਥਾ ਨੂੰ ਅੱਗੇ ਨਾ ਵਧਾਓ, ਸਿਰਫ਼ ਦੇਸ਼ ਦੀਆਂ ਬਹੁ-ਕੀਮਤੀ ਸੰਪਤੀਆਂ ਨੂੰ ਵੇਚੋ।