Budget 2021: ਕੋਵਿਡ-19 ਟੀਕਾਕਰਣ ਲਈ ਰੱਖੇ ਗਏ 35 ਹਜ਼ਾਰ ਕਰੋੜ-ਵਿੱਤ ਮੰਤਰੀ
ਸਿਹਤ ਖੇਤਰ ਲਈ ਰੱਖੇ ਗਏ 2.23 ਹਜ਼ਾਰ ਕਰੋੜ
ਨਵੀਂ ਦਿੱਲੀ: ਲੋਕ ਸਭਾ ਵਿਚ ਹੰਗਾਮੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਦੌਰਾਨ ਰਾਹਤ ਲਈ ਕਈ ਵੱਡੇ ਕਦਮ ਚੁੱਕੇ ਹਨ, ਜਿਸ ਦੇ ਤਹਿਤ ਆਤਮ ਨਿਰਭਰ ਪੈਕੇਜ ਦਾ ਐਲਾਨ ਕੀਤਾ ਗਿਆ।
ਵਿੱਤ ਮੰਤਰੀ ਨੇ ਆਤਮ ਨਿਰਭਰ ਭਾਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਵਿਚਾਰਧਾਰਾ ਪ੍ਰਾਚੀਨ ਭਾਰਤ ਤੋਂ ਚੱਲੀ ਆ ਰਹੀ ਹੈ ਅਤੇ ਇਹ ਹਰ ਭਾਰਤੀ ਦਾ ਵਿਚਾਰ ਹੈ। ਉਹਨਾਂ ਨੇ ਕਿਹਾ ਇਸ ਦੇ ਤਹਿਤ ਸਾਰਿਆਂ ਲਈ ਸਿੱਖਿਆ, ਮਹਿਲਾ ਸਸ਼ਕਤੀਕਰਣ, ਨੌਜਵਾਨਾਂ ਲਈ ਰੁਜ਼ਗਾਰ ਅਤੇ ਸਭ ਦੇ ਸਾਥ ਅਤੇ ਸਭ ਦਾ ਵਿਕਾਸ ਲਈ ਕਦਮਾਂ ‘ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।
ਵਿੱਤ ਮੰਤਰੀ ਨੇ ਕਿਹਾ ਸਰਕਾਰ ਸਿਹਤ ਖੇਤਰ ਵੱਲ ਜ਼ੋਰ ਦੇ ਰਹੀ ਹੈ। ਵਧੀਆ ਸਿਹਤ ਸਹੂਲਤਾਂ ਲਈ ਬਚਾਅ, ਇਲਾਜ ਅਤੇ ਖੋਜ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਬੁਨਿਆਦੀ ਢਾਂਚੇ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਨਿਰਮਲਾ ਸੀਤਾਰਮਣ ਨੇ ਕਿਹਾ ਕਿ ਜੇਕਰ ਲੌਕਡਾਊਨ ਨਹੀਂ ਲਗਾਇਆ ਜਾਂਦਾ ਤਾਂ ਦੇਸ਼ ਵਿਚ ਹਾਲਾਤ ਹੋਰ ਮਾੜੇ ਹੁੰਦੇ।
ਕੋਰੋਨਾ ਵੈਕਸੀਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਦੋ ਵੈਕਸੀਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਦੋ ਹੋਰ ਨਵੀਆਂ ਵੈਕਸੀਨ ਜਲਦ ਆ ਸਕਦੀਆਂ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਕੋਰੋਨਾ ਸੰਕਟ 'ਚ ਭਾਰਤੀ ਰਿਜ਼ਰਵ ਬੈਂਕ ਨੇ 27 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ।
ਉਹਨਾਂ ਕਿਹਾ ਇਸ ਸਾਲ ਕੋਵਿਡ-19 ਵੈਕਸੀਨ ਲਈ 35 ਹਜ਼ਾਰ ਕਰੋੜ ਰੱਖੇ ਗਏ ਹਨ। ਇਸ ਤੋਂ ਇਲਾਵਾ ਸਿਹਤ ਖੇਤਰ ਲਈ 2.23 ਹਜ਼ਾਰ ਕਰੋੜ ਤੋਂ ਜ਼ਿਆਦਾ ਰੱਖੇ ਗਏ ਹਨ। ਇਸ ਦੌਰਾਨ ਵਿੱਤ ਮੰਤਰੀ ਨੇ ਸਵੈ-ਨਿਰਭਰ ਤੰਦਰੁਸਤ ਭਾਰਤ ਯੋਜਨਾ ਦਾ ਐਲ਼ਾਨ ਕੀਤਾ ਹੈ।