ਦਖਣੀ ਸੂਬਿਆਂ ਨਾਲ ਬੇਇਨਸਾਫੀ ਵੱਖਰੇ ਦੇਸ਼ ਦੀ ਮੰਗ ਨੂੰ ਮਜਬੂਰ ਕਰ ਸਕਦੀ ਹੈ: ਡੀ.ਕੇ. ਸੁਰੇਸ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੇਸ਼ ਨੇ ਸਿਰਫ ਆਮ ਲੋਕਾਂ ਦੀ ਧਾਰਨਾ ਬਾਰੇ ਗੱਲ ਕੀਤੀ : ਸੁਰੇਸ਼ ਦੇ ਭਰਾ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ

DK Shivkumar

ਨਵੀਂ ਦਿੱਲੀ/ਬੈਂਗਲੁਰੂ: ਕਾਂਗਰਸ ਦੇ ਸੰਸਦ ਮੈਂਬਰ ਡੀ.ਕੇ. ਸੁਰੇਸ਼ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਵੱਖ-ਵੱਖ ਟੈਕਸਾਂ ਤੋਂ ਇਕੱਠੇ ਕੀਤੇ ਫੰਡਾਂ ਦੀ ਵੰਡ ਦੇ ਮਾਮਲੇ ’ਚ ਦਖਣੀ ਸੂਬਿਆਂ ਨਾਲ ਹੋ ਰਹੀ ਬੇਇਨਸਾਫੀ ਨੂੰ ਠੀਕ ਨਾ ਕੀਤਾ ਗਿਆ ਤਾਂ ਉਹ ਵੱਖਰੇ ਦੇਸ਼ ਦੀ ਮੰਗ ਕਰਨ ਲਈ ਮਜਬੂਰ ਹੋਣਗੇ | ਡੀ.ਕੇ. ਸੁਰੇਸ਼ ਨੇ ਦਾਅਵਾ ਕੀਤਾ ਕਿ ਦੱਖਣ ਤੋਂ ਇਕੱਠਾ ਕੀਤਾ ਟੈਕਸ ਦਾ ਪੈਸਾ ਉੱਤਰੀ ਭਾਰਤ ’ਚ ਵੰਡਿਆ ਜਾ ਰਿਹਾ ਹੈ ਅਤੇ ਦਖਣੀ ਭਾਰਤ ਨੂੰ ਉਸ ਦਾ ਬਣਦਾ ਹਿੱਸਾ ਨਹੀਂ ਮਿਲ ਰਿਹਾ ਹੈ।

ਸੁਰੇਸ਼ ਦੇ ਭਰਾ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਸੁਰੇਸ਼ ਨੇ ਸਿਰਫ ਆਮ ਲੋਕਾਂ ਦੀ ਧਾਰਨਾ ਬਾਰੇ ਗੱਲ ਕੀਤੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੁਰੇਸ਼ ਦੇ ਇਸ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ। ਸੁਰੇਸ਼ ਦੀ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਕਿਹਾ, ‘‘ਦਖਣੀ ਭਾਰਤ ਲਈ ਵੱਖਰੀ ਨਾਗਰਿਕਤਾ ਦੀ ਮੰਗ ਨਹੀਂ ਕੀਤੀ ਜਾ ਸਕਦੀ। ਦੇਸ਼ ਦੀ ਪ੍ਰਭੂਸੱਤਾ ਬਣਾਈ ਰੱਖਣੀ ਚਾਹੀਦੀ ਹੈ।’’ ਹਾਲਾਂਕਿ, ਸਿਧਾਰਮਈਆ ਨੇ ਕਿਹਾ ਕਿ ਟੈਕਸ ਵੰਡ ਨੂੰ ਲੈ ਕੇ ਦਖਣੀ ਭਾਰਤ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। 

ਬੈਂਗਲੁਰੂ ਦਿਹਾਤੀ ਹਲਕੇ ਤੋਂ ਸੰਸਦ ਮੈਂਬਰ ਸੁਰੇਸ਼ ਨੇ ਦਾਅਵਾ ਕੀਤਾ ਕਿ ਦਖਣੀ ਸੂਬਿਆਂ ਤੋਂ ਇਕੱਤਰ ਕੀਤੇ ਟੈਕਸ ਉੱਤਰ ਭਾਰਤ ਵਿਚ ਵੰਡੇ ਜਾ ਰਹੇ ਹਨ ਅਤੇ ਹਿੰਦੀ ਨੂੰ ਹਰ ਪਹਿਲੂ ਤੋਂ ਦਖਣੀ ਭਾਰਤ ’ਤੇ ‘ਥੋਪਿਆ’ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਰੇਸ਼ ਨੇ ਨਵੀਂ ਦਿੱਲੀ ’ਚ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਕੇਂਦਰ ਕਰਨਾਟਕ ਨੂੰ ਉਸ ਦਾ ਬਣਦਾ ਪੈਸਾ ਦੇਵੇ ਤਾਂ ਇਹ ਕਾਫੀ ਹੋਵੇਗਾ। 

ਉਨ੍ਹਾਂ ਕਿਹਾ, ‘‘ਸਾਡੀ ਮੰਗ ਹੈ ਕਿ ਸਾਨੂੰ ਅਪਣੇ ਸੂਬੇ ਤੋਂ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.), ਕਸਟਮ ਡਿਊਟੀ ਅਤੇ ਸਿੱਧੇ ਟੈਕਸਾਂ ਦਾ ਅਪਣਾ ਹਿੱਸਾ ਮਿਲਣਾ ਚਾਹੀਦਾ ਹੈ। ਅਸੀਂ ਵੇਖਦੇ ਹਾਂ ਕਿ ਦਖਣੀ ਭਾਰਤ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ। ਅਸੀਂ ਵੇਖ ਰਹੇ ਹਾਂ ਕਿ ਸਾਡੇ ਹਿੱਸੇ ਦਾ ਪੈਸਾ ਉੱਤਰੀ ਭਾਰਤ ’ਚ ਵੰਡਿਆ ਜਾ ਰਿਹਾ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਦਖਣੀ ਭਾਰਤ ਨਾਲ ਹਰ ਪੱਖੋਂ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਅੱਜ ਇਸ ਦੀ ਨਿੰਦਾ ਨਹੀਂ ਕਰਦੇ ਤਾਂ ਸਾਨੂੰ ਆਉਣ ਵਾਲੇ ਦਿਨਾਂ ’ਚ ਦਖਣੀ ਭਾਰਤ ਲਈ ਇਕ ਵੱਖਰੇ ਦੇਸ਼ ਦਾ ਪ੍ਰਸਤਾਵ ਰਖਣਾ ਪਵੇਗਾ।’’ 

ਸੁਰੇਸ਼ ਦੀ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਪ ਮੁੱਖ ਮੰਤਰੀ ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਨੇ ਸਿਰਫ ਜਨਤਾ ਦੀ ਧਾਰਨਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ‘‘ਮੈਂ ਅਖੰਡ ਭਾਰਤ ਨਾਲ ਸਬੰਧਤ ਹਾਂ। ਭਾਰਤ ਇਕ ਹੈ। ਸੁਰੇਸ਼ ਨੇ ਸਿਰਫ ਲੋਕਾਂ ਦੇ ਵਿਚਾਰ ਪ੍ਰਗਟ ਕੀਤੇ ਹਨ। ਲੋਕ ਸੋਚ ਰਹੇ ਹਨ ਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਿਰਫ ਲੋਕਾਂ ਨਾਲ ਹੋ ਰਹੀ ਬੇਇਨਸਾਫੀ ਬਾਰੇ ਗੱਲ ਕੀਤੀ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤਕ, ਭਾਰਤ ਇਕ ਰਾਸ਼ਟਰ ਹੈ। ਕਿਤੇ ਵੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਸਾਡੇ ਦੂਰ-ਦੁਰਾਡੇ ਦੇ ਪਿੰਡਾਂ ਨੂੰ ਵੀ ਹਿੰਦੀ ਪੱਟੀ ਦੇ ਇਲਾਕਿਆਂ ਵਾਂਗ ਹੀ ਉਤਸ਼ਾਹ ਮਿਲਣਾ ਚਾਹੀਦਾ ਹੈ।’’

ਉਨ੍ਹਾਂ ਕਿਹਾ, ‘‘ਅਸੀਂ (ਕਰਨਾਟਕ) ਟੈਕਸ ਕੁਲੈਕਸ਼ਨ ’ਚ ਮਹਾਰਾਸ਼ਟਰ ਤੋਂ ਬਾਅਦ ਦੇਸ਼ ’ਚ ਦੂਜੇ ਨੰਬਰ ’ਤੇ ਹਾਂ। ਇਸ ਦੇ ਬਾਵਜੂਦ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ।’’ ਭਾਜਪਾ ਦੇ ਸੂਬਾ ਪ੍ਰਧਾਨ ਬੀ.ਵਾਈ. ਵਿਜੇਂਦਰ ਨੇ ਸੁਰੇਸ਼ ਦੀ ਟਿਪਣੀ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਬੋਲਣ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਹੈ।