23 ਸਾਲਾ ਔਰਤ ਨੇ 35 ਮਿੰਟ ‘ਚ ਦਿੱਤਾ 6 ਬੱਚਿਆਂ ਨੂੰ ਜਨਮ, ਡਾਕਟਰਾਂ ਦੇ ਉੱਡੇ ਹੋਸ਼
ਜਨਮ ਤੋਂ ਬਾਅਦ 2 ਬੱਚਿਆਂ ਦੀ ਮੌਤ
ਭੋਪਾਲ: ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹਾ ਹਸਪਤਾਲ ਵਿਚ ਸ਼ਨੀਵਾਰ ਨੂੰ 23 ਸਾਲਾ ਔਰਤ ਨੇ ਕਰੀਬ 35 ਮਿੰਟ ਵਿਚ ਛੇ ਬੱਚਿਆਂ ਨੂੰ ਜਨਮ ਦਿੱਤਾ। ਜਿਨ੍ਹਾਂ ਵਿਚ 4 ਲੜਕੇ ਅਤੇ ਦੋ ਲੜਕੀਆਂ ਹਨ। ਹਾਲਾਂਕਿ ਜਨਮ ਤੋਂ ਕੁਝ ਦੇਰ ਬਾਅਦ ਹੀ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਬਾਕੀ ਬੱਚਿਆਂ ਦੀ ਹਾਲਤ ਵੀ ਚਿੰਤਾਜਨਕ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਮਲਾ ਸ਼ਿਓਪੁਰ ਦੇ ਜ਼ਿਲ੍ਹਾ ਹਸਪਤਾਲ ਦਾ ਹੈ, ਜਿੱਥੇ ਦਰਦ ਹੋਣ ‘ਤੇ ਪਰਿਵਾਰ ਸਮੇਤ ਸੁਮਨ ਨਾਂਅ ਦੀ ਇਕ ਔਰਤ ਹਸਪਤਾਲ ਪਹੁੰਚੀ। ਡਾਕਟਰਾਂ ਨੇ ਜਿਵੇਂ ਹੀ ਸੋਨੋਗ੍ਰਾਫ਼ੀ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ ਮਹਿਲਾ ਦੇ ਪੇਟ ਵਿਚ ਇਕ-ਦੋ ਨਹੀਂ ਬਲਕਿ 6 ਬੱਚੇ ਹਨ।
ਇਹ ਦੇਖ ਕੇ ਪੂਰਾ ਹਸਪਤਾਲ ਹੈਰਾਨ ਰਹਿ ਗਿਆ ਪਰ ਫਿਰ ਵੀ ਡਾਕਟਰਾਂ ਨੇ ਔਰਤ ਦੀ ਨੋਰਮਲ ਡਿਲੀਵਰੀ ਕੀਤੀ। ਔਰਤ ਨੇ 6 ਬੱਚਿਆਂ ਨੂੰ ਜਨਮ ਦਿੱਤਾ। ਸਿਵਲ ਸਰਜਨ ਡਾਕਟਰ ਆਰਬੀ ਗੋਇਲ ਨੇ ਦੱਸਿਆ ਕਿ ਬੜੋਦਾ ਤਹਿਸੀਲ ਦੀ ਰਹਿਣ ਵਾਲੀ ਔਰਤ ਨੇ ਗਰਭ ਅਵਸਥਾ ਦੇ 28ਵੇਂ ਹਫ਼ਤੇ ਵਿਚ ਛੇ ਬੱਚਿਆਂ ਨੂੰ ਜਨਮ ਦਿੱਤਾ।
ਉਹਨਾਂ ਨੇ ਦੱਸਿਆ ਕਿ ਇਹਨਾਂ ਵਿਚ ਚਾਰ ਲੜਕੇ ਅਤੇ ਦੋ ਲੜਕੀਆਂ ਸਨ, ਸਾਰੇ ਬੱਚਿਆਂ ਦਾ ਵਜਨ ਬਹੁਤ ਘੱਟ ਸੀ। ਇਸ ਕਾਰਨ ਦੋ ਬੱਚੀਆਂ ਦੀ ਜਨਮ ਤੋਂ ਕੁਝ ਹੀ ਦੇਰ ਬਾਅਦ ਮੌਤ ਹੋ ਗਈ। ਉਹਨਾਂ ਦੱਸਿਆ ਕਿ ਇਹਨਾਂ ਬੱਚੀਆਂ ਦਾ ਭਾਰ ਸਿਰਫ਼ 390 ਗ੍ਰਾਮ ਅਤੇ 450 ਗ੍ਰਾਮ ਸੀ।
ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਬਾਕੀ ਚਾਰ ਬੱਚਿਆਂ ਦਾ ਵਜ਼ਨ ਵੀ ਘੱਟ ਸੀ। ਇਸ ਲਈ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਔਰਤ ਨੂੰ ਦਰਦ ਹੋਇਆ ਅਤੇ ਉਸ ਦੀ ਡਿਲੀਵਰੀ ਲਗਭਗ 35 ਮਿੰਟ ਤੱਕ ਚੱਲੀ।