ਕਾਂਗਰਸ ਆਗੂ ਅਲਕਾ ਲਾਂਬਾ ਦਾ ਕੇਂਦਰ ਸਰਕਾਰ 'ਤੇ ਤੰਜ਼ - 'ਸਰਕਾਰ ਵਲੋਂ ਕੀਤਾ ਜਾ ਰਿਹਾ ਵਿਕਾਸ ਸਿਰਫ਼ ਭਾਸ਼ਣ ਅਤੇ ਜੁਮਲੇਬਾਜ਼ੀ ਤੱਕ ਸੀਮਤ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਜੇਕਰ ਜ਼ਮੀਨੀ ਪੱਧਰ 'ਤੇ ਵਿਕਾਸ ਹੋਇਆ ਹੁੰਦਾ ਤਾਂ ਅੱਜ ਬੇਰੁਜ਼ਗਾਰ ਨੌਜਵਾਨ ਸੜਕਾਂ 'ਤੇ ਨਾ ਹੁੰਦੇ 

Alka Lamba

ਚੰਡੀਗੜ੍ਹ : ਅੱਜ ਤੋਂ ਅਮੂਲ ਅਤੇ ਵੇਰਕਾ ਦੁੱਧ ਦੀਆਂ ਕੀਮਤਾਂ ਵਿਚ ਦੋ ਰੁਪਏ ਦਾ ਇਜ਼ਾਫਾ ਹੋਇਆ ਹੈ ਜਿਸ ਨੂੰ ਲੈ ਕੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਕੇਂਦਰ ਸਰਕਾਰ 'ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਉਸ ਵੇਲੇ ਕੀਤਾ ਗਿਆ ਹੈ ਜਦੋਂ ਦੇਸ਼ ਵਿਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਣਾ ਸੀ ਅਤੇ ਲੋਕਾਂ 'ਤੇ ਮਹਿੰਗਾਈ ਦੀ ਮਾਰ ਪਈ ਹੈ।

ਇਨ੍ਹਾਂ ਹੀ ਨਹੀਂ ਸਗੋਂ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਗਿਆ ਹੈ। ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਕਮਰਸ਼ੀਅਲ ਸਿਲੰਡਰ ਦੀ ਕੀਮਤ 105 ਰੁਪਏ ਵਧਣ ਕਾਰਨ ਹੁਣ ਉਸ ਦੀ ਕੀਮਤ 2012 ਰੁਪਏ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਹੀ ਮੁੰਬਈ ਵਿਚ ਇਸ ਦੀ ਕੀਮਤ 1963 ਰੁਪਏ ਹੋ ਗਈ ਹੈ। ਲਾਂਬਾ ਨੇ ਦੱਸਿਆ ਕਿ ਕਲਕੱਤਾ ਵਿਚ 108 ਰੁਪਏ ਵਧ ਕੇ 2015 ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ 27 ਮਾਰਚ ਤੱਕ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਵੇਗਾ।

ਅਲਕਾ ਲਾਂਬਾ ਨੇ ਕਿਹਾ ਕਿ ਵਿਕਾਸ ਹੋ ਰਿਹਾ ਹੈ ਪਰ ਸਿਰਫ਼ ਕਾਗਜ਼ਾਂ ਵਿਚ, ਅਸਲ ਵਿਚ ਵਿਕਾਸ ਦਿਖਾਈ ਹੀ ਨਹੀਂ ਦੇ ਰਿਹਾ। ਵਿਕਾਸ ਸਿਰਫ਼ ਚੁਣਾਵੀ ਭਾਸ਼ਣ ਅਤੇ ਜੁਮਲੇਬਾਜ਼ੀ ਤੱਕ ਸੀਮਤ ਹੈ। ਇਹ ਵਿਕਾਸ ਜ਼ਮੀਨੀ ਪੱਧਰ 'ਤੇ ਨਹੀਂ ਹੋ ਰਿਹਾ ਕਿਉਂਕਿ ਜੇਕਰ ਅਜਿਹਾ ਹੋਇਆ ਹੁੰਦਾ ਤਾਂ ਅੱਜ ਬੇਰੁਜ਼ਗਾਰ ਨੌਜਵਾਨ ਸੜਕਾਂ 'ਤੇ ਨਾ ਹੁੰਦਾ। ਜੋ ਵਿਕਾਸ ਨੌਜਵਾਨਾਂ ਦੇ ਹੱਥੋਂ ਹੋਣਾ ਸੀ ਉਹ ਨਹੀਂ ਹੋ ਰਿਹਾ ਇਸ ਲਈ ਬੇਰੁਜ਼ਗਾਰੀ ਵੀ ਸਿਖਰ 'ਤੇ ਪਹੁੰਚ ਚੁੱਕੀ ਹੈ।

ਉਨ੍ਹਾਂ ਅੱਗੇ ਬੋਲਦਿਆਂ ਕਿਹਾ, ''ਕੱਚੇ ਤੇਲ ਦੀ ਕੀਮਤ ਕਰੀਬ 100 ਡਾਲਰ ਹੈ ਪਰ ਜ਼ਰਾ ਗ਼ੌਰ ਕਰੋ ਕਿ ਡਾ. ਮਨਮੋਹਨ ਸਿੰਘ ਜੀ ਦੀ ਸਰਕਾਰ ਵੇਲੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਕਿੰਨੀਆਂ ਸਨ ਅਤੇ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਿੰਨੀਆਂ ਸਨ। ਅੱਜ ਜੋ ਵੀ ਆਲਮੀ ਪੱਧਰ 'ਤੇ ਹਾਲਾਤ ਪੈਦਾ ਹੋ ਰਹੇ ਹਨ ਕੀ ਉਸ ਦਾ ਅਸਰ ਸਿਰਫ਼ ਭਾਰਤ 'ਤੇ ਹੀ ਹੋ ਰਿਹਾ ਹੈ? ਕੀ ਏਸ਼ੀਆ ਵਿਚ ਹੋਰ ਦੇਸ਼ ਨਹੀਂ ਹਨ? ਪਾਕਿਸਤਾਨ, ਨੇਪਾਲ, ਭੂਟਾਨ ਆਦਿ ਏਸ਼ਿਆਈ ਦੇਸ਼ਾਂ 'ਤੇ ਇਸ ਦਾ ਅਸਰ ਕਿਉਂ ਨਹੀਂ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਸਰਕਾਰਾਂ ਨੇ ਆਪਣੇ ਖਜ਼ਾਨੇ ਜਨਤਾ ਲਈ ਰਾਖੇ ਹੋਏ ਹਨ।

ਉਹ ਸਰਕਾਰੀ ਖਜ਼ਾਨਾ ਜਨਤਾ ਦੀ ਸਹੂਲਤ ਲਈ ਖਰਚ ਕਰਦੇ ਹਨ ਪਰ ਭਾਰਤ ਵਿਚ ਅਜਿਹਾ ਨਹੀਂ ਹੈ। ਉਥੇ ਤੇਲ ਆਦਿ ਦੀਆਂ ਕੀਮਤਾਂ ਇੰਨੀਆਂ ਨਹੀਂ ਵਧਦੀਆਂ ਜਿੰਨੀਆਂ ਭਾਰਤ ਵਿਚ ਵਧਦੀਆਂ ਹਨ ਕਿਉਂਕਿ ਭਾਰਤ ਦਾ ਜੋ ਪੈਸਾ ਹੈ, ਪ੍ਰਧਾਨ ਮੰਤਰੀ 8 ਹਜ਼ਾਰ 500 ਕਰੋੜ ਦੇ ਜਹਾਜ਼ 'ਤੇ ਫੂਕਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿਚ ਨਵੀਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਇਹ ਆਪਦਾ ਮੋਦੀ ਨਿਰਮਤ ਆਪਦਾ ਹੈ ਜੋ ਜਨਤਾ 'ਤੇ ਥੋਪੀ ਜਾ ਰਹੀ ਹੈ। ਇਹ ਕੋਈ ਕੁਦਰਤੀ ਆਫ਼ਤ ਨਹੀਂ ਹੈ।

ਅਲਕਾ ਲਾਂਬਾ ਨੇ ਕਿਹਾ ਕਿ ਇਹ ਸਭ ਬਹਾਨੇਬਾਜ਼ੀ ਹੈ, ਜੁਮਲੇਬਾਜ਼ੀ ਹੈ। ਦੇਸ਼ ਦੇ ਪੰਜ ਸੂਬਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਪੰਜ ਰੁਪਏ ਘੱਟ ਕਰ ਦਿਤੀ ਸੀ। ਚੋਣਾਂ ਖ਼ਤਮ ਹੁੰਦਿਆਂ ਹੀ ਜੁਮਲੇਬਾਜ਼ੀ ਅਤੇ ਭਾਸ਼ਣਬਾਜ਼ੀ ਵੀ ਖ਼ਤਮ ਹੋ ਗਈ ਹੈ। ਹੁਣ ਸਰਕਾਰ ਨੇ ਲੁੱਟਣਾ ਹੈ ਅਤੇ ਇਹ ਲੁੱਟ ਦਾ ਕੰਮ ਸ਼ੁਰੂ ਕਰ ਦਿਤਾ ਹੈ ਜੋ ਅਗਲੀਆਂ ਚੋਣਾਂ ਤੱਕ ਜਾਰੀ ਰਹੇਗਾ।