ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਬਚਾਉਣ ਦਾ ਮਿਸ਼ਨ ਜਾਰੀ, ਇੱਕ ਹੋਰ ਫਲਾਈਟ ਪਹੁੰਚੀ ਦਿੱਲੀ
ਕੇਂਦਰੀ ਮੰਤਰੀ ਆਰ.ਕੇ ਸਿੰਘ ਨੇ ਵਿਦਿਆਰਥੀਆਂ ਦਾ ਕੀਤਾ ਸਵਾਗਤ
ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਜੰਗ 'ਤੇ ਟਿਕੀਆ ਹੋਈਆਂ ਹਨ। ਇਸ ਸਭ ਦੇ ਵਿਚਕਾਰ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੋਦੀ ਸਰਕਾਰ ਵੱਲੋਂ 'ਆਪ੍ਰੇਸ਼ਨ ਗੰਗਾ' ਤਹਿਤ ਲੋਕਾਂ ਨੂੰ ਯੂਕਰੇਨ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਇਸੇ ਕੜੀ ਵਿਚ ਇੱਕ ਹੋਰ ਫਲਾਈਟ ਬੁਡਾਪੇਸਟ ਤੋਂ ਦੁਪਹਿਰ ਬਾਅਦ ਰਾਜਧਾਨੀ ਦਿੱਲੀ ਪਹੁੰਚੀ ਹੈ। ਜਿੱਥੇ ਕੇਂਦਰੀ ਮੰਤਰੀ ਆਰ ਕੇ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਹੈ।
ਜਿ਼ਕਰਯੋਗ ਹੈ ਕਿ ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਹੋਰ ਫਲਾਈਟ ਬੁਡਾਪੇਸਟ ਤੋਂ ਦਿੱਲੀ ਪਹੁੰਚੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਆਰ.ਕੇ.ਸਿੰਘ ਵਿਦਿਆਰਥੀਆਂ ਨੂੰ ਮਿਲਣ ਏਅਰਪੋਰਟ ਪਹੁੰਚੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਚਨਬੱਧ ਹੈ ਕਿ ਅਸੀਂ ਹਰ ਭਾਰਤੀ ਨੂੰ ਸੁਰੱਖਿਅਤ ਬਾਹਰ ਕੱਢਾਂਗੇ। 4 ਮੰਤਰੀਆਂ ਨੂੰ ਬੱਚਿਆਂ ਨੂੰ ਬਾਹਰ ਕੱਢਣ ਦਾ ਕੰਮ ਸੌਂਪਿਆ ਗਿਆ ਹੈ। ਵਿਦਿਆਰਥੀਆਂ ਦੀ ਮਦਦ ਲਈ ਇੱਕ ਹੈਲਪ ਡੈਸਕ ਬਣਾਇਆ ਗਿਆ ਹੈ, ਬੱਚੇ ਇਸ 'ਤੇ ਮਦਦ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਏਅਰ ਇੰਡੀਆ ਦੀ ਸੱਤਵੀਂ ਉਡਾਣ 182 ਭਾਰਤੀ ਨਾਗਰਿਕਾਂ ਨੂੰ ਲੈ ਕੇ ਰੋਮਾਨੀਆ ਦੇ ਬੁਖਾਰੇਸਟ ਤੋਂ ਮੁੰਬਈ ਪਹੁੰਚੀ। ਏਅਰ ਇੰਡੀਆ ਦੀ ਫਲਾਈਟ IX1202 ਮੁੰਬਈ ਹਵਾਈ ਅੱਡੇ 'ਤੇ ਪਹੁੰਚੀ ਜਿੱਥੇ ਕੇਂਦਰੀ ਮੰਤਰੀ ਨਰਾਇਣ ਰਾਣੇ ਵੱਲੋਂ ਇਨ੍ਹਾਂ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ ਗਿਆ ਸੀ।