ਬੈਂਗਲੁਰੂ ਦੇ ਮਸ਼ਹੂਰ ਰੇਸਤਰਾਂ ’ਚ ਬੰਬ ਧਮਾਕਾ, 9 ਜ਼ਖਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਧਮਾਕੇ ’ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ ਸਿੱਧਰਮਈਆ

Bengaluru Rameshwaram Cafe

ਬੈਂਗਲੁਰੂ: ਬੈਂਗਲੁਰੂ ਦੇ ਇਕ ਮਸ਼ਹੂਰ ਰੇਸਤਰਾਂ ’ਚ ਸ਼ੁਕਰਵਾਰ ਨੂੰ ਇਕ ਬੰਬ ਧਮਾਕੇ ਤੋਂ ਬਾਅਦ ਅੱਗ ਲੱਗਣ ਨਾਲ ਘੱਟੋ-ਘੱਟ 9 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਗ਼ੈਰਕਾਨੂੰਨੀ ਗਤੀਵਿਧੀਆ (ਰੋਕਥਾਮ) ਐਕਟ ਅਤੇ ਧਮਾਕਾਖੇਜ਼ ਸਮੱਗਰੀ ਐਕਟ ਹੇਠ ਮਮਲਾ ਦਰਜ ਕਰ ਲਿਆ ਹੈ। 

ਪਹਿਲਾਂ ਸ਼ੱਕ ਸੀ ਕਿ ਸਿਲੰਡਰ ਫਟਣ ਕਾਰਨ ਅੱਗ ਲੱਗੀ ਪਰ ਹੁਣ ਫਾਇਰ ਬ੍ਰਿਗੇਡ ਵਿਭਾਗ ਨੇ ਇਸ ਖਦਸ਼ੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਥੇ ਇਕ ਬੈਗ ਮਿਲਿਆ ਹੈ। ਫੋਰੈਂਸਿਕ ਟੀਮਾਂ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਇਹ ਘੱਟ ਤੀਬਰਤਾ ਦਾ ਧਮਾਕਾ ਸੀ ਅਤੇ ਇਸ ’ਚ ਇਕ ਘੰਟੇ ਬਾਅਦ ਧਮਾਕਾ ਕਰਨ ਵਾਲਾ ਟਾਇਮਰ ਲੱਗਾ ਹੋਇਆ ਸੀ। ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਧਮਾਕੇ ’ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚ ਰੇਸਤਰਾਂ ਦੇ ਦੋ ਮੁਲਾਜ਼ਮ ਅਤੇ 7 ਗਾਹਕ ਸ਼ਾਮਲ ਹਨ। ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਰਾਮੇਸ਼ਵਰਮ ਕੈਫੇ ਦੇ ਅੰਦਰ ਅਤੇ ਆਲੇ-ਦੁਆਲੇ ਕਿਸੇ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲੀ ਸੀ। ਇਹ ਧਮਾਕਾ ਰਾਮੇਸ਼ਵਰਮ ਕੈਫੇ ਰੇਸਤਰਾਂ ’ਚ ਹੋਇਆ। 

ਕਰਨਾਟਕ ਦੇ ਡੀ.ਜੀ.ਪੀ. ਆਲੋਕ ਮੋਹਨ, ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਬੀ. ਦਯਾਨੰਦ ਅਤੇ ਹੋਰ ਸੀਨੀਅਰ ਅਧਿਕਾਰੀ ਰੇਸਤਰਾਂ ਦਾ ਨਿਰੀਖਣ ਕਰ ਰਹੇ ਹਨ। ਸੁਰੱਖਿਆ ਕਰਮਚਾਰੀਆਂ ਨੇ ਰੇਸਤਰਾਂ ਦੀ ਘੇਰਾਬੰਦੀ ਕਰ ਦਿਤੀ ਹੈ। ਡੀ.ਜੀ.ਪੀ. ਨੇ ਕਿਹਾ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਅਤੇ ਇੰਟੈਲੀਜੈਂਸ ਬਿਊਰੋ (ਆਈ.ਬੀ.) ਦੇ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿਤਾ ਗਿਆ ਹੈ। 

ਕਰਨਾਟਕ ਰਾਜ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਟੀ. ਐਨ ਸ਼ਿਵਸ਼ੰਕਰ ਨੇ ਦਸਿਆ, ‘‘ਫਾਇਰ ਬ੍ਰਿਗੇਡ ਵਿਭਾਗ ਨੂੰ ਦੁਪਹਿਰ 1:08 ਵਜੇ ਕੈਫੇ ’ਚ ਐਲ.ਪੀ.ਜੀ. ਲੀਕ ਹੋਣ ਦੀ ਸੂਚਨਾ ਮਿਲੀ। ਜਦੋਂ ਸਾਡੇ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਕੋਈ ਅੱਗ ਜਾਂ ਧੂੰਆਂ ਨਹੀਂ ਸੀ। ਧਮਾਕਾ ਇਸ ਰੇਸਤਰਾਂ ਦੇ ਇਕ ਬੈਗ ’ਚ ਹੋਇਆ, ਇਹ ਬੈਗ ਇਕ ਔਰਤ ਦੇ ਪਿੱਛੇ ਰੱਖਿਆ ਗਿਆ ਸੀ ਜੋ ਉੱਥੇ 6 ਹੋਰ ਗਾਹਕਾਂ ਨਾਲ ਬੈਠੀ ਸੀ। ਸ਼ੱਕ ਹੈ ਕਿ ਬੈਗ ਵਿਚ ਰੱਖੀ ਕਿਸੇ ਚੀਜ਼ ਕਾਰਨ ਧਮਾਕਾ ਹੋਇਆ।’’ ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਬੈਗ ਕਿਸ ਦਾ ਸੀ। 

ਡਾਇਰੈਕਟਰ ਨੇ ਦਸਿਆ ਕਿ ਬੈਗ ਦੇ ਨੇੜੇ ਬੈਠੀ ਔਰਤ ਸਮੇਤ ਸੱਤ ਗਾਹਕਾਂ ਸਮੇਤ 9 ਲੋਕ ਜ਼ਖਮੀ ਹੋ ਗਏ। ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ। ਉਨ੍ਹਾਂ ਦਸਿਆ ਕਿ ਇਸ ਔਰਤ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਹ ਕੈਫੇ ਵ੍ਹਾਈਟਫੀਲਡ ਦੇ ਬਰੂਕਫੀਲਡ ਖੇਤਰ ’ਚ ਸਥਿਤ ਹੈ, ਜੋ ਇਕ ਪ੍ਰਮੁੱਖ ਕਾਰੋਬਾਰੀ ਅਤੇ ਤਕਨਾਲੋਜੀ ਕੇਂਦਰ ਹੈ। ਕੈਫੇ ’ਚ ਆਮ ਤੌਰ ’ਤੇ ਦੁਪਹਿਰ ਦੇ ਖਾਣੇ ਦੀਆਂ ਛੁੱਟੀਆਂ ਦੌਰਾਨ ਨੇੜਲੇ ਦਫਤਰਾਂ ਤੋਂ ਵੱਡੀ ਗਿਣਤੀ ’ਚ ਮੁਲਾਜ਼ਮ ਆਉਂਦੇ ਹਨ। 

ਇਕ ਚਸ਼ਮਦੀਦ ਐਡੀਸਨ ਨੇ ਕਿਹਾ, ‘‘ਮੈਂ ਕੈਫੇ ਦੇ ਬਾਹਰ ਖੜੀ ਅਪਣੀ ਵਾਰੀ ਦੀ ਉਡੀਕ ਕਰ ਰਹੀ ਸੀ, ਜਦੋਂ ਅਸੀਂ ਇਕ ਉੱਚੀ ਆਵਾਜ਼ ਸੁਣੀ। ਸੁਣਿਆ। ਅਸੀਂ ਡਰੇ ਹੋਏ ਸੀ ਪਰ ਪਤਾ ਨਹੀਂ ਕੀ ਹੋਇਆ। ਉਸ ਸਮੇਂ ਉੱਥੇ 35-40 ਲੋਕ ਸਨ। ਉਹ ਸਾਰੇ ਬਾਹਰ ਭੱਜਣ ਲੱਗੇ ਅਤੇ ਚਾਰੇ ਪਾਸੇ ਹਫੜਾ-ਦਫੜੀ ਫੈਲ ਗਈ। ਉਹ ਕਹਿਣ ਲੱਗੇ ਕਿ ਸਿਲੰਡਰ ਫਟ ਗਿਆ ਹੈ। ਪਰ ਅਸੀਂ ਨਹੀਂ ਜਾਣਦੇ ਕਿ ਅਸਲ ’ਚ ਕੀ ਹੋਇਆ ਸੀ।’’

ਨੇੜੇ ਦੀ ਇਕ ਨਿੱਜੀ ਫਰਮ ’ਚ ਕੰਮ ਕਰਨ ਵਾਲੇ ਅੰਮ੍ਰਿਤ ਨੇ ਕਿਹਾ, ‘‘ਮੈਂ ਆਰਡਰ ਦੇਣ ਤੋਂ ਬਾਅਦ ਕੈਫੇ ਦੇ ਬਾਹਰ ਇੰਤਜ਼ਾਰ ਕਰ ਰਿਹਾ ਸੀ ਅਤੇ ਇਸ ਦੌਰਾਨ ਧਮਾਕਾ ਹੋ ਗਿਆ। ਅਸੀਂ ਵੇਖਿਆ ਕਿ ਚਾਰ ਲੋਕ ਜ਼ਖਮੀ ਹੋਏ ਸਨ। ਥੋੜ੍ਹੀ ਦੇਰ ਬਾਅਦ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਪੁਲਿਸ ਦੀ ਟੀਮ ਪਹੁੰਚ ਗਈ। ਉਨ੍ਹਾਂ ਨੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦਿਤਾ।’’ ਪੁਲਿਸ ਨੇ ਕਿਹਾ ਕਿ ਉਹ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ।