ਹਿਮਾਚਲ 'ਚ CID ਮੁਖੀ ਸਤਵੰਤ ਅਟਵਾਲ ਨੂੰ ਬਦਲਿਆ, ਅਤੁਲ ਵਰਮਾ ਨੂੰ ਸੌਂਪੀ ਕਮਾਨ
ਵੀਰਵਾਰ ਦੇਰ ਰਾਤ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ।
Himachal Pradesh: ਹਿਮਾਚਲ - ਸਿਆਸੀ ਸੰਕਟ ਟਲਦੇ ਹੀ ਹਿਮਾਚਲ ਸਰਕਾਰ ਨੇ ਸੂਬੇ ਦੀ ਖੂਫੀਆ ਏਜੰਸੀ ਸੀਆਈਡੀ ਦੇ ਮੁਖੀ ਨੂੰ ਬਦਲ ਦਿੱਤਾ ਹੈ। ਸਰਕਾਰ ਨੇ ਕੇਂਦਰੀ ਡੈਪੂਟੇਸ਼ਨ ਤੋਂ ਪਰਤੇ 1991 ਬੈਚ ਦੇ ਆਈਪੀਐਸ ਅਤੁਲ ਵਰਮਾ ਨੂੰ ਡਾਇਰੈਕਟਰ ਜਨਰਲ ਸੀਆਈਡੀ ਨਿਯੁਕਤ ਕੀਤਾ ਹੈ। ਵੀਰਵਾਰ ਦੇਰ ਰਾਤ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ।
ਸਤਵੰਤ ਅਟਵਾਲ ਤੋਂ ਸੀਆਈਡੀ ਵਾਪਸ ਲੈ ਲਈ ਗਈ ਹੈ, ਜੋ ਪਹਿਲਾਂ ਕੁੱਝ ਦਿਨਾਂ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਾ ਵਾਧੂ ਚਾਰਜ ਸੰਭਾਲ ਚੁੱਕੇ ਸਨ। ਸਤਵੰਤ ਅਟਵਾਲ ਹੁਣ ਏਡੀਜੀ ਵਿਜੀਲੈਂਸ ਵਜੋਂ ਕੰਮ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਸੂਬੇ 'ਚ ਸਰਕਾਰ ਨੂੰ ਡੇਗਣ ਦੀ ਕਾਫ਼ੀ ਸਮੇਂ ਤੋਂ ਸਾਜ਼ਿਸ਼ ਚੱਲ ਰਹੀ ਸੀ।
ਇਸ ਦੀ ਝਲਕ ਉਸ ਦਿਨ ਹਿਮਾਚਲ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਦੇਖਣ ਨੂੰ ਮਿਲੀ, ਜਦੋਂ ਛੇ ਕਾਂਗਰਸੀ ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ ਤਾਂ ਸੀਆਰਪੀਐਫ ਅਤੇ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਹੇਠ ਲੈ ਲਿਆ। ਕੁਝ ਦੇਰ ਵਿਚ ਹੀ ਸਾਰੇ ਬਾਗੀ ਵਿਧਾਇਕ ਪੰਚਕੂਲਾ ਪਹੁੰਚ ਗਏ।
ਸੂਬਾ ਸਰਕਾਰ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ। ਭਾਵ ਸਰਕਾਰ ਨੂੰ ਡੇਗਣ ਦੀ ਸਕ੍ਰਿਪਟ ਬਹੁਤ ਪਹਿਲਾਂ ਲਿਖੀ ਜਾ ਚੁੱਕੀ ਸੀ। ਕੱਲ੍ਹ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਵੀ ਮੰਨਿਆ ਕਿ ਸਾਡੇ ਖੁਫੀਆ ਤੰਤਰ ਦੀ ਅਸਫ਼ਲਤਾ ਰਹੀ ਹੈ।