ਟਰੇਡ ਯੂਨੀਅਨਾਂ ਨੇ ਵਕੀਲ ਹਸਨ ਦੇ ਘਰ ਨੂੰ ਢਾਹੁਣ ਦੀ ਨਿੰਦਾ ਕੀਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਲਿਕਆਰਾ ਸੁਰੰਗ ’ਚੋਂ ਮਜ਼ਦੂਰਾਂ ਨੂੰ ਬਾਹਰ ਕੱਢਣ ਵਾਲੀ ਟੀਮ ’ਚ ਸ਼ਾਮਲ ਸੀ ਵਕੀਲ ਹਸਨ

Wakeel Hasan
  • ਅਸੀਂ ਇਸ ਜਗ੍ਹਾ ਤੋਂ ਨਹੀਂ ਹਟਾਂਗੇ, ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ : ਵਕੀਲ ਸਨ

ਨਵੀਂ ਦਿੱਲੀ: 10 ਕੇਂਦਰੀ ਟਰੇਡ ਯੂਨੀਅਨਾਂ ਦੇ ਇਕ ਸਾਂਝੇ ਫੋਰਮ ਨੇ ਸ਼ੁਕਰਵਾਰ ਨੂੰ ਵਕੀਲ ਹਸਨ ਦੇ ਘਰ ਨੂੰ ਢਾਹੁਣ ਦੀ ਨਿੰਦਾ ਕੀਤੀ, ਜੋ ਪਿਛਲੇ ਸਾਲ ਉਤਰਾਖੰਡ ’ਚ ਇਕ ਨਿਰਮਾਣ ਅਧੀਨ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਵਾਲੀ ਟੀਮ ਦਾ ਹਿੱਸਾ ਸੀ। ਹਸਨ ਦੇ ਘਰ ਨੂੰ ਬੁਧਵਾਰ ਨੂੰ ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖਾਸ ਇਲਾਕੇ ’ਚ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਵਲੋਂ ਕਬਜ਼ਾ ਵਿਰੋਧੀ ਕਾਰਵਾਈ ਦੌਰਾਨ ਢਾਹ ਦਿਤਾ ਗਿਆ ਸੀ। ਕਾਰਵਾਈ ਦੌਰਾਨ ਕਈ ਹੋਰ ਘਰਾਂ ਨੂੰ ਵੀ ਢਾਹ ਦਿਤਾ ਗਿਆ। 

ਹਸਨ ਨੇ ਅਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਫੁੱਟਪਾਥ ’ਤੇ ਰਾਤ ਬਿਤਾਈ ਸੀ। ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੰਯੁਕਤ ਫੋਰਮ ਨੇ ਦੋਸ਼ ਲਾਇਆ ਕਿ ਹਸਨ ਦੇ ਘਰ ਨੂੰ ਡੀ.ਡੀ.ਏ. ਨੇ ਚੁਣ-ਚੁਣ ਕੇ ਢਾਹ ਦਿਤਾ ਸੀ। ਮੰਚ ਨੇ ਮੁਆਵਜ਼ੇ ਅਤੇ ਰਿਹਾਇਸ਼ੀ ਮੁੜ ਵਸੇਬੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਕੀਲ ਹਸਨ ਇਕ ਮਸ਼ਹੂਰ ‘ਰੈਟ-ਹੋਲ ਮਾਈਨਰ’ ਹਨ, ਜਿਨ੍ਹਾਂ ਦੀ ਅਗਵਾਈ ਵਿਚ ਇਕ ਟੀਮ ਨੇ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਚਾਇਆ ਗਿਆ ਸੀ। ਉੱਤਰਕਾਸ਼ੀ ’ਚ ਨਿਰਮਾਣ ਅਧੀਨ ਸਿਲਕੀਆਰਾ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਹ ਉਸਾਰੀ ਮਜ਼ਦੂਰ ਫਸ ਗਏ ਸਨ ਅਤੇ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਸਨ। ਮੰਚ ਨੇ ਕਿਹਾ, ‘‘ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਇਲਾਕੇ ਵਿਚ ਰਹਿਣ ਵਾਲੇ ਦੋ ਲੱਖ ਤੋਂ ਵੱਧ ਲੋਕਾਂ ਵਿਚੋਂ ਸਿਰਫ ਵਕੀਲ ਹਸਨ ਦੀ ਰਿਹਾਇਸ਼, ਜਿੱਥੇ ਉਹ ਪਿਛਲੇ 12 ਸਾਲਾਂ ਤੋਂ ਅਪਣੇ ਤਿੰਨ ਨਾਬਾਲਗ ਬੱਚਿਆਂ ਸਮੇਤ ਅਪਣੇ ਪਰਵਾਰ ਨਾਲ ਰਹਿ ਰਿਹਾ ਹੈ, ਨੂੰ ਢਾਹੁਣ ਦੀ ਕਾਰਵਾਈ ਲਈ ਚੁਣਿਆ ਗਿਆ ਸੀ ਅਤੇ ਉਹ ਵੀ ਬਿਨਾਂ ਕਿਸੇ ਅਗਾਊਂ ਨੋਟਿਸ ਦੇ।’’ ਡੀ.ਡੀ.ਏ. ਕੇਂਦਰ ਸਰਕਾਰ ਵਲੋਂ ਚਲਾਇਆ ਜਾਂਦਾ ਹੈ ਅਤੇ ਇਸ ਦੀ ਅਗਵਾਈ ਉਪ ਰਾਜਪਾਲ ਕਰਦੇ ਹਨ। 

ਉਧਰ ਵਕੀਲ ਹਸਨ ਨੇ ਕਿਹਾ ਕਿ ਉਹ ਘਟਨਾ ਵਾਲੀ ਥਾਂ ਤੋਂ ਨਹੀਂ ਹਟਣਗੇ। ਦਿੱਲੀ ’ਚ ਕਬਜ਼ਾ ਵਿਰੋਧੀ ਮੁਹਿੰਮ ’ਚ ਅਪਣਾ ਘਰ ਗੁਆਉਣ ਤੋਂ ਬਾਅਦ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਵਾਰ ਨੇ ਅਪਣੀ ਦੂਜੀ ਰਾਤ ਫੁੱਟਪਾਥ ’ਤੇ ਬਿਤਾਈ। ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਵਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਵਾਰ ਨੂੰ ਨਰੇਲਾ ’ਚ ਈਡਬਲਯੂਐਸ ਫਲੈਟ ਦੇਣ ਦੀ ਪੇਸ਼ਕਸ਼ ਨੂੰ ਠੁਕਰਾਉਣ ਦੇ ਇਕ ਦਿਨ ਬਾਅਦ ਹਸਨ ਨੇ ਕਿਹਾ, ‘‘ਮੈਂ ਅਤੇ ਮੇਰਾ ਪਰਵਾਰ ਖੁੱਲ੍ਹੇ ’ਚ ਰਾਤ ਬਿਤਾ ਰਹੇ ਹਾਂ। ਕੁੱਝ ਸਥਾਨਕ ਲੋਕ ਸਾਨੂੰ ਭੋਜਨ, ਪਾਣੀ ਆਦਿ ਪ੍ਰਦਾਨ ਕਰ ਰਹੇ ਹਨ। ਅਸੀਂ ਰਾਤ ਨੂੰ ਚੁਨੌਤੀ ਵਜੋਂ ਮਨਜ਼ੂਰ ਕੀਤਾ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਪਰਵਾਰ ਨੂੰ ਅਜੇ ਤਕ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ ਹੈ।’’