Telangana News : ਐਸ.ਐਲ.ਬੀ.ਸੀ. ਸੁਰੰਗ ’ਚ ਫਸੇ ਮਜ਼ਦੂਰਾਂ ਤਕ ਪਹੁੰਚਣ ਲਈ ਟੀ.ਬੀ.ਐਮ. ਨਾਲ ਬਣਾਇਆ ਜਾਵੇਗਾ ਰਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Telangana News : ਫ਼ਸੇ ਲੋਕਾਂ ਤਕ ਪਹੁੰਚਣ ਲਈ ਸੁਰੰਗ ਖੋਦਣ ਵਾਲੀ ਮਸ਼ੀਨ (ਟੀ.ਬੀ.ਐਮ.) ਨਾਲ ਰਸਤਾ ਬਣਾ ਰਹੀਆਂ

file photo

Telangana News in Punjabi : ਤੇਲੰਗਾਨਾ ਦੇ ਨਗਰਕੁਰਨੂਲ ’ਚ ਐਸ.ਐਲ.ਬੀ.ਸੀ. ਦੀ ਅੰਸ਼ਕ ਤੌਰ ’ਤੇ ਢਹਿ ਗਈ ਸੁਰੰਗ ’ਚ ਫ਼ਸੇ ਅੱਠ ਮਜ਼ਦੂਰਾਂ ਨੂੰ ਬਚਾਅ ਟੀਮਾਂ ਬਾਹਰ ਕੱਢ ਰਹੀਆਂ ਹਨ ਅਤੇ ਫ਼ਸੇ ਲੋਕਾਂ ਤਕ ਪਹੁੰਚਣ ਲਈ ਸੁਰੰਗ ਖੋਦਣ ਵਾਲੀ ਮਸ਼ੀਨ (ਟੀ.ਬੀ.ਐਮ.) ਨਾਲ ਰਸਤਾ ਬਣਾ ਰਹੀਆਂ ਹਨ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਸ਼੍ਰੀਸੈਲਮ ਲੈਫ਼ਟ ਬੈਂਕ ਕਨਾਲ (ਐਸ.ਐਲ.ਬੀ.ਸੀ.) ਸੁਰੰਗ ਦੀ ਛੱਤ ਢਹਿ ਜਾਣ ਕਾਰਨ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੇ ਫਸੇ ਹੋਣ ਦੇ ਇਕ ਹਫ਼ਤੇ ਬਾਅਦ ਬਚਾਅ ਕਾਰਜ ਜ਼ੋਰਾਂ ’ਤੇ ਹਨ। ਨਗਰਕੁਰਨੂਲ ਦੇ ਪੁਲਿਸ ਸੁਪਰਡੈਂਟ (ਐਸ.ਪੀ.) ਵੈਭਵ ਗਾਇਕਵਾੜ ਨੇ ਕਿਹਾ ਕਿ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.), ਫੌਜ, ਸਰਕਾਰੀ ਮਾਈਨਿੰਗ ਕੰਪਨੀ, ਸਿੰਗਾਰੇਨੀ ਕੋਲੀਅਰੀਜ਼, ਰੈਟਹੋਲ ਮਾਈਨਰ ਅਤੇ ਹੋਰ ਏਜੰਸੀਆਂ ਦੇ ਕਰਮਚਾਰੀਆਂ ਦੀਆਂ ਟੀਮਾਂ ਅਣਥੱਕ ਕੰਮ ਕਰ ਰਹੀਆਂ ਹਨ। 

ਉਨ੍ਹਾਂ ਕਿਹਾ, ‘‘ਬਚਾਅ ਕਾਰਜ ਜਾਰੀ ਹੈ। (ਸਨਿਚਰਵਾਰ ) ਸਵੇਰੇ ਇਕ ਟੀਮ ਸੁਰੰਗ ਦੇ ਅੰਦਰ ਗਈ... ਪਾਣੀ ਦੀ ਨਿਕਾਸੀ ਅਤੇ ਮਲਬਾ ਸਾਫ਼ ਕਰਨ ਦਾ ਕੰਮ ਵੀ ਇਸ ਦੇ ਨਾਲ ਹੀ ਚੱਲ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਅੱਗੇ ਦਾ ਰਸਤਾ ਸਾਫ ਕਰਨ ਲਈ ਟੀਬੀਐਮ ਦੇ ਕੁੱਝ ਹਿੱਸਿਆਂ ਨੂੰ ਵੀ ਕੱਟਿਆ ਜਾ ਰਿਹਾ ਹੈ। 

ਇਕ ਅਧਿਕਾਰੀ ਨੇ ਦਸਿਆ ਕਿ ਸੁਰੰਗ ’ਚ ਕੰਵੇਅਰ ਬੈਲਟ ਦੇ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਸਨਿਚਰਵਾਰ ਨੂੰ ਕੀਤੇ ਜਾਣ ਦੀ ਉਮੀਦ ਹੈ। ਇਸ ਦੌਰਾਨ ਨੈਸ਼ਨਲ ਜੀਓਫਿਜ਼ੀਕਲ ਰੀਸਰਚ ਇੰਸਟੀਚਿਊਟ (ਐਨ.ਜੀ.ਆਰ.ਆਈ.) ਦੇ ਵਿਗਿਆਨੀਆਂ ਨੇ ਗਰਾਊਂਡ ਪੇਨੀਟਰੇਟਰਿੰਗ ਰਾਡਾਰ (ਜੀ.ਪੀ.ਆਰ.) ਦੀ ਵਰਤੋਂ ਕੀਤੀ ਅਤੇ ਸੁਰੰਗ ਦੇ ਅੰਦਰ ਕੁੱਝ ਕਮੀਆਂ ਦਾ ਪਤਾ ਲਗਾਇਆ। ਉਨ੍ਹਾਂ ਅੱਗੇ ਕਿਹਾ ਕਿ ਬਚਾਅ ਕਰਮਚਾਰੀਆਂ ਨੂੰ ਇਨ੍ਹਾਂ ਕਮੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਕਰਨ ਦੀ ਜ਼ਰੂਰਤ ਹੈ। 

22 ਫ਼ਰਵਰੀ ਨੂੰ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਤੋਂ ਬਾਅਦ ਐਸ.ਐਲ.ਬੀ.ਸੀ. ਸੁਰੰਗ ਪ੍ਰਾਜੈਕਟ ’ਤੇ ਕੰਮ ਕਰ ਰਹੇ ਅੱਠ ਲੋਕ ਫਸ ਗਏ ਸਨ। ਪਿਛਲੇ ਕੁੱਝ ਦਿਨਾਂ ਤੋਂ ਫੌਜ, ਜਲ ਸੈਨਾ, ਸਿੰਗਾਰੇਨੀ ਕੋਲੀਅਰੀਜ਼ ਅਤੇ ਹੋਰ ਏਜੰਸੀਆਂ ਦੇ 500 ਤੋਂ ਵੱਧ ਹੁਨਰਮੰਦ ਜਵਾਨਾਂ ਦੀ ਟੀਮ ਬਚਾਅ ਕਾਰਜ ’ਚ ਲੱਗੀ ਹੋਈ ਹੈ। 

ਫਸੇ ਲੋਕਾਂ ਦੀ ਪਛਾਣ ਮਨੋਜ ਕੁਮਾਰ (ਉੱਤਰ ਪ੍ਰਦੇਸ਼), ਸ਼੍ਰੀਨਿਵਾਸ (ਉੱਤਰ ਪ੍ਰਦੇਸ਼), ਸੰਨੀ ਸਿੰਘ (ਜੰਮੂ-ਕਸ਼ਮੀਰ), ਗੁਰਪ੍ਰੀਤ ਸਿੰਘ (ਪੰਜਾਬ) ਅਤੇ ਸੰਦੀਪ ਸਾਹੂ, ਜਗਤਾ ਜੇਸੀ, ਸੰਤੋਸ਼ ਸਾਹੂ ਅਤੇ ਅਨੁਜ ਸਾਹੂ ਵਜੋਂ ਹੋਈ ਹੈ। ਇਨ੍ਹਾਂ ਅੱਠ ’ਚੋਂ ਦੋ ਇੰਜੀਨੀਅਰ, ਦੋ ਆਪਰੇਟਰ ਅਤੇ ਬਾਕੀ ਚਾਰ ਝਾਰਖੰਡ ਦੇ ਮਜ਼ਦੂਰ ਹਨ। 

(For more news apart from  SLBC TBM to reach workers trapped in tunnel. path will be made with News in Punjabi, stay tuned to Rozana Spokesman)