ਭਾਗਲਪੁਰ ਹਿੰਸਾ : ਅਸ਼ਵਨੀ ਚੌਬੇ ਦੇ ਪੁੱਤਰ ਅਰਿਜੀਤ ਨੇ ਪੁਲਿਸ ਅੱਗੇ ਕੀਤਾ ਸਰੰਡਰ
ਬਿਹਾਰ ਦੇ ਭਾਗਲਪੁਰ ਹਿੰਸਾ ਵਿਚ ਦੋਸ਼ੀ ਮੰਨੇ ਗਏ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਪੁੱਤਰ ਅਰਿਜੀਤ ਸ਼ਾਸ਼ਵਤ ਨੇ ਪਟਨਾ 'ਚ ਸਰੰਡਰ ਕਰ ਦਿਤਾ ਹੈ।
ਪਟਨਾ : ਬਿਹਾਰ ਦੇ ਭਾਗਲਪੁਰ ਹਿੰਸਾ ਵਿਚ ਦੋਸ਼ੀ ਮੰਨੇ ਗਏ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਪੁੱਤਰ ਅਰਿਜੀਤ ਸ਼ਾਸ਼ਵਤ ਨੇ ਪਟਨਾ 'ਚ ਸਰੰਡਰ ਕਰ ਦਿਤਾ ਹੈ। ਦਸ ਦਈਏ ਕਿ ਭਾਗਲਪੁਰ ਵਿਚ ਇਕ ਧਾਰਮਿਕ ਜਲੂਸ ਕੱਢੇ ਜਾਣ ਤੋਂ ਬਾਅਦ ਸੰਪਰਦਾਇਕ ਹਿੰਸਾ ਭੜਕ ਗਈ ਸੀ, ਜਿਸ ਵਿਚ ਅਰਿਜੀਤ ਦਾ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਸਥਾਨਕ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿਤੀ ਸੀ।
ਸਰੰਡਰ ਕਰਨ ਤੋਂ ਪਹਿਲਾਂ ਅਰਿਜੀਤ ਨੇ ਕਿਹਾ ਕਿ ਮੈਂ ਸਮਰਪਣ ਕਰਨ ਜਾ ਰਿਹਾ ਹੈ ਅਤੇ ਅਸੀਂ ਹਾਈ ਕੋਰਟ ਵਿਚ ਵੀ ਜਾਵਾਂਗੇ। ਮੇਰੇ ਵਿਰੁਧ ਦਰਜ ਕੀਤੀ ਗਈ ਐੈੱਫਆਈਆਰ ਫ਼ਰਜ਼ੀ ਹਨ, ਜਦਕਿ ਇਸ ਤੋਂ ਪਹਿਲਾਂ ਅਰਿਜੀਤ ਨੇ ਸਰੰਡਰ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਉਹ ਭਗੌੜਾ ਨਹੀਂ ਹੈ। ਪਟਨਾ ਦੇ ਹਨੂੰਮਾਨ ਮੰਦਰ ਇਲਾਕੇ 'ਚ ਇਕ ਪੁਲਸ ਸਟੇਸ਼ਨ ਦੇ ਬਾਹਰ ਉਨ੍ਹਾਂ ਨੇ ਸਰੰਡਰ ਕੀਤਾ ਹੈ।
ਬੀਤੇ ਦਿਨ ਐਡੀਸ਼ਨਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਨੇ ਇਕ ਆਦੇਸ਼ 'ਚ ਅਰਿਜੀਤ ਸ਼ਾਸ਼ਵਤ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿਤੀ ਸੀ। ਭਾਗਲਪੁਰ ਸੰਸਦ ਮੈਂਬਰ ਅਸ਼ਵਨੀ ਚੌਬੇ ਦੇ ਪੁੱਤਰ ਅਰਿਜੀਤ ਸਮੇਤ ਅੱਠ ਹੋਰ ਲੋਕਾਂ ਵਿਰੁਧ ਪਿਛਲੇ ਹਫ਼ਤੇ ਗ੍ਰਿਫ਼ਤਾਰੀ ਵਰੰਟ ਜਾਰੀ ਹੋਇਆ ਸੀ।
ਸਰੰਡਰ ਕਰਨ ਤੋਂ ਬਾਅਦ ਅਰਿਜੀਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ ਕਰਦੇ ਹਨ, ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੜਬੜੀ ਦਾ ਵਿਰੋਧ ਕਰ ਰਹੇ ਹਨ।