ਕਸ਼ਮੀਰ 'ਚ ਵਿਖਾਵਾਕਾਰੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਝੜਪਾਂ, 6 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਝੜਪਾਂ ਵਿਚ ਛੇ ਵਿਖਾਵਾਕਾਰੀ ਜ਼ਖ਼ਮੀ ਹੋ ਗਏ। ਇਕ ਮੁਕਾਬਲੇ ਵਿਚ ਦੋ ਅਤਿਵਾਦੀਆਂ ਦੇ ਮਾਰੇ ਜਾਣ ਪਿੱਛੋਂ..

Clash

 

ਸ੍ਰੀਨਗਰ, 30 ਜੁਲਾਈ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਝੜਪਾਂ ਵਿਚ ਛੇ ਵਿਖਾਵਾਕਾਰੀ ਜ਼ਖ਼ਮੀ ਹੋ ਗਏ। ਇਕ ਮੁਕਾਬਲੇ ਵਿਚ ਦੋ ਅਤਿਵਾਦੀਆਂ ਦੇ ਮਾਰੇ ਜਾਣ ਪਿੱਛੋਂ ਗੁੱਸੇ ਵਿਚ ਆਏ ਲੋਕਾਂ ਨੇ ਵਿਖਾਵਾ ਸ਼ੁਰੂ ਕਰ ਦਿਤਾ ਅਤੇ ਇਸੇ ਦਰਮਿਆਨ ਉਨ੍ਹਾਂ ਦੇ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਤਹਾਬ ਇਲਾਕੇ ਵਿਚ ਹੋਏ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਦੀਨ ਨਾਲ ਸਬੰਧਤ ਦੋ ਅਤਿਵਾਦੀਆਂ ਦੀ ਮੌਤ ਪਿੱਛੋਂ ਲੋਕ ਸੜਕਾਂ 'ਤੇ ਉਤਰ ਆਏ ਅਤੇ ਸੁਰੱਖਿਆ ਬਲਾਂ 'ਤੇ ਪਥਰਾਅ ਸ਼ੁਰੂ ਕਰ ਦਿਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਅਮਨ-ਕਾਨੂੰਨ ਕਾਇਮ ਰੱਖਣ ਲਈ ਹਵਾ ਵਿਚ ਗੋਲੀਆਂ ਚਲਾਈਆਂ  ਅਤੇ ਅਥਰੂ ਗੈਸ ਦੇ ਗੋਲੇ ਛੱਡੇ।
ਅਧਿਕਾਰੀ ਮੁਤਾਬਕ ਝੜਪ ਦੌਰਾਨ ਇਕ ਵਿਅਕਤੀ ਦੇ ਮੋਢੇ ਵਿਚ ਗੋਲੀ ਲੱਗ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਫ਼ਿਲਹਾਲ ਵਿਅਕਤੀ ਦੀ ਪਛਾਣ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜ ਹੋਰ ਵਿਅਕਤੀ ਮਾਮੂਲੀ ਤੌਰ 'ਤੇ ਜ਼ਖ਼ਮੀ ਹੋਏ। ਅੰਤਮ ਸਤਰਾਂ ਲਿਖੇ ਜਾਣ ਤਕ ਦੋਹਾਂ ਧਿਰਾਂ ਵਿਚਾਲੇ ਰੁਕ-ਰੁਕ ਝੜਪਾਂ ਜਾਰੀ ਸਨ।
ਮੁਕਾਬਲੇ ਵਿਚ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਇਰਫ਼ਾਨ ਅਹਿਮਦ ਸ਼ੇਖ ਅਤੇ ਆਬਿਦ ਮਾਗਰੇ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦਸਿਆ ਕਿ ਸਨਿਚਰਵਾਰ ਦੇਰ ਸ਼ਾਮ ਪੁਲਵਾਮਾ ਜ਼ਿਲ੍ਹੇ ਦੇ ਤਹਾਬ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦੀ ਬਾਰੇ ਸੂਹ ਮਿਲੀ ਸੀ ਜਿਸ ਪਿੱਛੋਂ ਘੇਰਾਬੰਦੀ ਕਰ ਦਿਤੀ ਗਈ।  (ਏਜੰਸੀ)