ਦਿੱਲੀ 'ਚ ਹੁਣ ਤਕ ਦੇ ਸਭ ਤੋਂ ਉੱਚੇ ਰੇਟ 'ਤੇ ਪਹੁੰਚਿਆ ਡੀਜ਼ਲ
ਰਾਸ਼ਟਰੀ ਰਾਜਧਾਨੀ ਵਿਚ ਪੈਟਰੋਲ ਕੀਮਤਾਂ ਐਤਵਾਰ ਨੂੰ 73.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਜੋ ਇਸ ਦਾ ਚਾਰ ਸਾਲ ਦਾ ਉੱਚ ਪੱਧਰ ਹੈ।
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿਚ ਪੈਟਰੋਲ ਕੀਮਤਾਂ ਐਤਵਾਰ ਨੂੰ 73.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਜੋ ਇਸ ਦਾ ਚਾਰ ਸਾਲ ਦਾ ਉੱਚ ਪੱਧਰ ਹੈ। ਉਥੇ ਡੀਜ਼ਲ 64.58 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜੋ ਇਸ ਦਾ ਅੱਜ ਤਕ ਦਾ ਸਭ ਤੋਂ ਉੱਚਾ ਪੱਧਰ ਹੈ। ਅਜਿਹੇ ਵਿਚ ਸਰਕਾਰ 'ਤੇ ਇਕ ਵਾਰ ਫਿਰ ਉਤਪਾਦ ਫ਼ੀਸ ਕਟੌਤੀ ਲਈ ਦਬਾਅ ਵਧਣ ਲੱਗਿਆ ਹੈ।
ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਪਿਛਲੇ ਸਾਲ ਜੂਨ ਤੋਂ ਰੋਜ਼ਾਨਾ ਆਧਾਰ 'ਤੇ ਈਂਧਣ ਕੀਮਤਾਂ ਵਿਚ ਸੋਧ ਕਰ ਰਹੀ ਹੈ। ਮੁੱਲ ਨੋਟੀਫਿਕੇਸ਼ਨ ਅਨੁਸਾਰ ਦਿੱਲੀ ਵਿਚ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ 18 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਦਿੱਲੀ ਵਿਚ ਹੁਣ ਪੈਟਰੋਲ 73.73 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਇਸ ਤੋਂ ਪਹਿਲਾਂ 14 ਸਤੰਬਰ 2014 ਨੂੰ ਪੈਟਰੋਲ ਦੀ ਕੀਮਤ 76.06 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ 'ਤੇ ਪਹੁੰਚੀ ਸੀ। ਡੀਜ਼ਲ ਦਾ ਭਾਅ 64.58 ਰੁਪਏ ਪ੍ਰਤੀ ਲੀਟਰ ਆਪਣੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 7 ਫਰਵਰੀ 2018 ਨੂੰ ਡੀਜ਼ਲ ਨੇ 64.22 ਰੁਪਏ ਪ੍ਰਤੀ ਲੀਟਰ ਦਾ ਉੱਚ ਪੱਧਰ ਛੂਹਿਆ ਸੀ।
ਪੈਟਰੋਲੀਅਮ ਮੰਤਰਾਲੇ ਨੇ ਕੌਮਾਂਤਰੀ ਪੱਧਰ 'ਤੇ ਵਧਦੇ ਕੱਚੇ ਤੇਲ ਦੇ ਰੇਟਾਂ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜ਼ਲ 'ਤੇ ਉਤਪਾਦ ਫ਼ੀਸ ਕਟੌਤੀ ਦੀ ਮੰਗ ਕੀਤੀ ਸੀ, ਪਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਕ ਫ਼ਰਵਰੀ ਨੂੰ ਬਜਟ ਵਿਚ ਉਸ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿਤਾ ਸੀ। ਦਖਣ ਕੋਰੀਆਈ ਦੇਸ਼ਾਂ ਵਿਚ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀ ਥੋਕ ਕੀਮਤ ਸਭ ਤੋਂ ਜ਼ਿਆਦਾ ਹੈ।
ਪੈਟਰੋਲ ਪੰਪ 'ਤੇ ਤੇਲ ਦੀ ਕੀਮਤ ਵਿਚ ਅੱਧਾ ਹਿੱਸਾ ਕਰਾਂ ਦਾ ਹੁੰਦਾ ਹੈ। ਨਵੰਬਰ 2014, ਜਨਵਰੀ 2016 ਦੌਰਾਨ ਸੰਸਾਰਕ ਪੱਧਰ 'ਤੇ ਤੇਲ ਕੀਮਤਾਂ ਵਿਚ ਗਿਰਾਵਟ ਦੇ ਬਾਵਜੂਦ ਵਿੱਤ ਮੰਤਰੀ ਜੇਤਲੀ ਨੇ ਉਤਪਾਦ ਫ਼ੀਸ ਵਿਚ ਨੌਂ ਵਾਰ ਵਾਧਾ ਕੀਤਾ ਹੈ, ਸਿਰਫ਼ ਇਕ ਵਾਰ ਪਿਛਲੇ ਸਾਲ ਅਕਤੂਬਰ ਵਿਚ ਇਸ ਵਿਚ ਦੋ ਰੁਪਏ ਲੀਟਰ ਦੀ ਕਟੌਤੀ ਕੀਤੀ ਗਈ।
ਉਤਪਾਦ ਫ਼ੀਸ ਵਿਚ ਕਟੌਤੀ ਤੋਂ ਬਾਅਦ ਕੇਂਦਰ ਨੇ ਰਾਜਾਂ ਤੋਂ ਮੁੱਲ ਵਾਧਾ ਕਰ (ਵੈਟ) ਘਟਾਉਣ ਲਈ ਕਿਹਾ ਸੀ, ਪਰ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਨੇ ਹੀ ਅਜਿਹਾ ਕੀਤਾ ਸੀ। ਭਾਜਪਾ ਸ਼ਾਸਤ ਰਾਜਾਂ ਸਮੇਤ ਹੋਰ ਰਾਜਾਂ ਨੇ ਕੇਂਦਰ ਦੀ ਇਸ ਬੇਨਤੀ 'ਤੇ ਧਿਆਨ ਨਹੀਂ ਦਿਤਾ ਸੀ।
ਕੇਂਦਰ ਸਰਕਾਰ ਨੇ ਅਕਤੂਬਰ 2017 ਵਿਚ ਉਤਪਾਦ ਫ਼ੀਸ ਵਿਚ ਦੋ ਰੁਪਏ ਲੀਟਰ ਦੀ ਕਟੌਤੀ ਕੀਤੀ ਸੀ। ਉਸ ਸਮੇਂ ਦਿੱਲੀ ਵਿਚ ਪੈਟਰੋਲ ਦੇ ਰੇਟ 70.88 ਰੁਪਏ ਲੀਟਰ ਅਤੇ ਡੀਜ਼ਲ ਦਾ ਰੇਟ 59.14 ਰੁਪਏ ਲੀਟਰ ਸੀ। ਉਤਪਾਦ ਫ਼ੀਸ ਕਟੌਤੀ ਤੋਂ ਬਾਅਦ 4 ਅਕਤੂਬਰ 2017 ਨੂੰ ਡੀਜ਼ਲ 56.89 ਰੁਪਏ ਲੀਟਰ ਅਤੇ ਪੈਟਰੋਲ 68.38 ਰੁਪਏ ਲੀਟਰ 'ਤੇ ਆ ਗਿਆ ਸੀ। ਹਾਲਾਂਕਿ ਸੰਸਾਰਕ ਪੱਧਰ 'ਤੇ ਕੱਚੇ ਤੇਲ ਦੇ ਭਾਅ ਵਧਣ ਤੋਂ ਬਾਅਦ ਹੁਣ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਕਿਤੇ ਜ਼ਿਆਦਾ ਹੋ ਚੁੱਕੀਆਂ ਹਨ।