ਕੇਰਲ 'ਚ ਆਰ.ਐਸ.ਐਸ. ਵਰਕਰ ਦੀ ਹਤਿਆ ਪਿੱਛੋਂ ਗਵਰਨਰ ਨੇ ਮੁੱਖ ਮੰਤਰੀ ਤਲਬ ਕੀਤਾ
ਕੇਰਲ ਵਿਚ ਆਰ.ਐਸ.ਐਸ. ਦੇ ਵਰਕਰ ਦੀ ਹਤਿਆ ਪਿੱਛੋਂ ਭਾਜਪਾ ਵਲੋਂ ਦਿਤੇ ਗਏ ਸੂਬਾ ਪਧਰੀ ਬੰਦ ਦੇ ਸੱਦੇ ਕਾਰਨ ਆਮ ਜੀਵਨ ਪ੍ਰਭਾਵਤ ਹੋਇਆ। ਸੂਤਰਾਂ ਮੁਤਾਬਕ ਸਨਿਚਾਰਵਾਰ ਦੇਰ
ਤਿਰੂਵਨੰਤਪੁਰਮ, 30 ਜੁਲਾਈ : ਕੇਰਲ ਵਿਚ ਆਰ.ਐਸ.ਐਸ. ਦੇ ਵਰਕਰ ਦੀ ਹਤਿਆ ਪਿੱਛੋਂ ਭਾਜਪਾ ਵਲੋਂ ਦਿਤੇ ਗਏ ਸੂਬਾ ਪਧਰੀ ਬੰਦ ਦੇ ਸੱਦੇ ਕਾਰਨ ਆਮ ਜੀਵਨ ਪ੍ਰਭਾਵਤ ਹੋਇਆ। ਸੂਤਰਾਂ ਮੁਤਾਬਕ ਸਨਿਚਾਰਵਾਰ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਨੇ ਸੰਘ ਦੇ ਕਾਰਕੁਨ ਈ.ਰਾਜੇਸ਼ (34) ਦਾ ਹੱਥ ਵੱਢ ਦਿਤਾ ਸੀ ਅਤੇ ਕੁੱਝ ਘੰਟੇ ਪਿੱਛੋਂ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਹੁਣ ਤਕ ਇਸ ਮਾਮਲੇ ਵਿਚ ਅੱਠ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ। ਗਵਰਨਰ ਪੀ. ਸਦਾਸ਼ਿਵਮ ਨੇ ਹੈਰਾਨਕੁਨ ਘਟਨਾਕ੍ਰਮ ਤਹਿਤ ਮੁੱਖ ਮੰਤਰੀ ਪੀ. ਵਿਜੇਯਨ ਨੂੰ ਅਪਣੀ ਸਰਕਾਰੀ ਰਿਹਾਇਸ਼ 'ਤੇ ਤਲਬ ਕੀਤਾ ਜਿਨ੍ਹਾਂ ਨੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦਾ ਵਿਸ਼ਵਾਸ ਦਿਵਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੇਰਲ ਵਿਚ ਸਿਆਸੀ ਵਰਕਰਾਂ ਉਤੇ ਹੋ ਰਹੇ ਹਮਲਿਆਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਜਮਹੂਰੀਅਤ ਵਿਚ ਸਿਆਸੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਸੂਬੇ ਭਰ ਵਿਚ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ ਜਦਕਿ ਸੜਕਾਂ 'ਤੇ ਕੋਈ ਸਰਕਾਰੀ ਬੱਸ ਨਜ਼ਰ ਨਹੀਂ ਆਈ। ਭਾਜਪਾ ਅਤੇ ਆਰ.ਐਸ.ਐਸ. ਦੇ ਭੜਕੇ ਵਰਕਰਾਂ ਨੇ ਕੁੱਝ ਨਿਜੀ ਗੱਡੀਆਂ ਨੂੰ ਨਿਸ਼ਾਨਾ ਬਣਾਇਆ। ਭਾਜਪਾ ਇਸ ਹਤਿਆ ਲਈ ਸੱਤਾਧਾਰੀ ਸੀ.ਪੀ.ਐਮ. ਦੇ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਭਾਜਪਾ ਦੇ ਮੁੱਖ ਦਫ਼ਤਰ 'ਤ ਹਮਲਾ ਹੋ ਚੁੱਕਾ ਹੈ ਜਦਕਿ ਸੂਬੇ ਵਿਚ ਸੱਤਾਧਾਰੀ ਸੀ.ਪੀ.ਐਮ. ਦੇ ਸਕੱਤਰ ਕੇ. ਬਾਲਾਕ੍ਰਿਸ਼ਨ ਦੇ ਬੇਟੇ ਦੀ ਰਿਹਾਇਸ਼ 'ਤੇ ਹਮਲਾ ਕੀਤਾ ਗਿਆ ਸੀ।
ਪੁਲਿਸ ਨੇ ਕਿਹਾ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚੋਂ ਇਕ ਪੱਕਾ ਅਪਰਾਧੀ ਵੀ ਸ਼ਾਮਲ ਹੈ ਜਿਸ ਨੂੰ ਅੱਜ ਸਵੇਰੇ ਕੱਤਾਕੜਾ ਤੋਂ ਕਾਬੂ ਕੀਤਾ ਗਿਆ। ਪੁਲਿਸ ਕਮਿਸ਼ਨਰ ਜੀ.ਐਸ. ਕੁਮਾਰ ਮੁਤਾਬਕ ਮੁਲਜ਼ਮਾਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ। (ਏਜੰਸੀ)