ਭੀੜ ਵਲੋਂ ਕੁੱਟ-ਕੁੱਟ ਕੇ ਹਤਿਆ ਦੇ ਮਾਮਲਿਆਂ ਵਿਚ ਕਿੰਨੇ ਜਣਿਆਂ ਵਿਰੁਧ ਕਾਰਵਾਈ ਕੀਤੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਊ ਰਖਿਆ ਦੇ ਨਾਂ 'ਤੇ ਦਲਿਤਾਂ ਅਤੇ ਘੱਟ ਗਿਣਤੀਆਂ ਦੀ ਭੀੜ ਵਲੋਂ ਕੁੱਟ-ਕੁੱਟ ਕੇ ਹਤਿਆ ਦਾ ਮਾਮਲਾ ਲੋਕ ਸਭਾ ਵਿਚ ਉਠਾਉਂਦਿਆਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ..

Parliament

ਨਵੀਂ ਦਿੱਲੀ, 31 ਜੁਲਾਈ : ਗਊ ਰਖਿਆ ਦੇ ਨਾਂ 'ਤੇ ਦਲਿਤਾਂ ਅਤੇ ਘੱਟ ਗਿਣਤੀਆਂ ਦੀ ਭੀੜ ਵਲੋਂ ਕੁੱਟ-ਕੁੱਟ ਕੇ ਹਤਿਆ ਦਾ ਮਾਮਲਾ ਲੋਕ ਸਭਾ ਵਿਚ ਉਠਾਉਂਦਿਆਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਕਿੰਨੇ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ?
ਭੀੜ ਵਲੋਂ ਹਤਿਆ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਦਾ ਦਾਅਵਾ ਕਰਦਿਆਂ ਲੋਕ ਸਭਾ ਵਿਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ, ''ਅਜਿਹੀਆਂ ਵਾਰਦਾਤਾਂ ਪਿੱਛੇ ਕੇਂਦਰ ਵਿਚ ਸੱਤਾਧਾਰੀ ਭਾਜਪਾ ਨਾਲ ਸਬੰਧਤ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਰਗੀਆਂ ਜਥੇਬੰਦੀਆਂ ਦਾ ਹੱਥ ਹੈ। ਪ੍ਰਧਾਨ ਮੰਤਰੀ ਦੱਸਣ ਕਿ ਉਹ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਕੀ ਕਰਨਗੇ?''
ਉਨ੍ਹਾਂ ਕਿਹਾ, ''ਅੱਜ ਦੇਸ਼ ਵਿਚ ਅਜਿਹਾ ਮਾਹੌਲ ਹੈ ਕਿ ਹਿੰਦੂ, ਹਿੰਦੂ ਨੂੰ ਮਾਰ ਰਿਹਾ ਹੈ ਅਤੇ ਮੁਸਲਮਾਨ, ਮੁਸਲਮਾਨ ਦੀ ਹਤਿਆ ਕਰ ਰਿਹਾ ਹੈ। ਅਜਿਹਾ ਇਸ ਕਰ ਕੇ ਹੋ ਰਿਹਾ ਹੈ  ਕਿਉਂਕਿ ਭਾਜਪਾ ਨੇ ਪੂਰੇ ਮੁਲਕ ਵਿਚ ਅਪਣੀ ਵਿਚਾਰਧਾਰਾ ਲਾਗੂ ਕਰਨਾ ਚਾਹੁੰਦੀ ਹੈ।'' ਉਨ੍ਹਾਂ ਕਿਹਾ ਕਿ ਸੰਵਿਧਾਨ ਵਿਚ ਹਰ ਨਾਗਰਿਕ ਨੂੰ ਜਿਊਣ ਦਾ ਹੱਕ ਦਿਤਾ ਗਿਆ ਹੈ ਪਰ ਦੇਸ਼ ਵਿਚ ਜਦ ਤੋਂ ਐਨ.ਡੀ.ਏ. ਨੇ ਸੱਤਾ ਸੰਭਾਲੀ ਹੈ, ਇਸ ਤਰੀਕੇ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਇਹ ਸੱਭ ਸਰਕਾਰ ਦੀ ਹਮਾਇਤ ਅਤੇ ਹੱਲਾਸ਼ੇਰੀ ਨਾਲ ਹੋ ਰਿਹਾ ਹੈ।
ਸਦਨ ਵਿਚ ਅੱਜ ਨਿਯਮ 193 ਅਧੀਨ ਭੀੜ ਵਲੋਂ ਕੁੱਟ ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਕਾਰਨ ਪੈਦਾ ਹਾਲਾਤ ਬਾਰੇ ਚਰਚਾ ਸ਼ੁਰੂ ਕਰਦਿਆਂ ਖੜਗੇ ਨੇ ਇਹ ਗੱਲਾਂ ਆਖੀਆਂ। ਖੜਗੇ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਭਾਸ਼ਨ ਵਿਚ ਇਸ ਤਰੀਕੇ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਦਮਾਸ਼ ਕਰਾਰ ਦਿਤਾ ਪਰ ਕੀ ਉਹ ਇਸ ਸਵਾਲ ਦਾ ਜਵਾਬ ਦੇਣਗੇ ਕਿ ਹੁਣ ਤਕ ਕਿੰਨੇ ਜਣਿਆਂ ਵਿਰੁਧ ਕਾਰਵਾਈ ਕੀਤੀ ਗਈ ਅਤੇ ਕਿੰਨੇ ਮਾਮਲੇ ਦਰਜ ਕੀਤੇ ਗਏ ਅਤੇ ਕਿੰਨੇ ਲੋਕਾਂ ਨੂੰ ਜੇਲ ਭੇਜਿਆ ਗਿਆ?
ਖੜਗੇ ਨੇ ਕਿਹਾ ਕਿ ਜੇ ਅਜਿਹੀਆਂ ਘਟਨਾਵਾਂ ਬਾਦਸਤੂਰ ਜਾਰੀ ਰਹੀਆਂ ਤਾਂ ਕੀ ਮੁਲਕ ਵਿਚ ਲੋਕਰਾਜ ਬਚੇਗਾ? ਏਕਤਾ ਬਚ ਸਕੇਗੀ? ਅਮਨ ਕਾਨੂੰਨ ਬਚ ਸਕੇਗਾ? ਉਨ੍ਹਾਂ ਨੇ ਜੁਨੈਦ ਦਾ ਮਸਲਾ ਉਠਾਇਆ ਜਿਸ ਨੂੰ ਈਦ ਦੀ ਖ਼ਰੀਦਾਰੀ ਕਰ ਕੇ ਰੇਲਗੱਡੀ ਰਾਹੀਂ ਘਰ ਵਾਪਸ ਜਾਣ ਵੇਲੇ ਭੀੜ ਨੇ ਮਾਰ ਦਿਤਾ ਸੀ। ਖੜਗੇ ਨੇ ਕਿਹਾ ਕਿ ਜੁਨੈਦ ਦੀ ਮੌਤ ਮਗਰੋਂ ਅਪਰਾਧੀਆਂ ਨੂੰ ਇਹ ਸੁਨੇਹਾ ਗਿਆ ਹੈ ਕਿ ਕੀ ਉਨ੍ਹਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ। (ਏਜੰਸੀ)