ਇੰਦੌਰ 'ਚ ਹੋਟਲ ਦੀ ਚਾਰ ਮੰਜ਼ਲਾ ਇਮਾਰਤ ਡਿੱਗੀ, 10 ਦੀ ਮੌਤ
ਇੱਥੋਂ ਦੇ ਸਰਵਟੇ ਬੱਸ ਸਟੈਂਡ ਵਿਖੇ ਸਥਿਤ ਚਾਰ ਮੰਜ਼ਲਾ ਹੋਟਲ ਦੀ ਇਮਾਰਤ ਢਹਿਣ ਨਾਲ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਗਿਣਤੀ ਦਾ ਇਹ ਅੰਕੜਾ
ਇੰਦੌਰ : ਇੱਥੋਂ ਦੇ ਸਰਵਟੇ ਬੱਸ ਸਟੈਂਡ ਵਿਖੇ ਸਥਿਤ ਚਾਰ ਮੰਜ਼ਲਾ ਹੋਟਲ ਦੀ ਇਮਾਰਤ ਢਹਿਣ ਨਾਲ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਗਿਣਤੀ ਦਾ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ। ਹਾਦਸੇ ਵਿਚ ਜ਼ਖ਼ਮੀ ਹੋਏ ਪੰਜ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦਾ ਇਲਾਜ ਐਮ ਵਾਈ ਹਸਪਤਾਲ ਵਿਚ ਚੱਲ ਰਿਹਾ ਹੈ। ਅਜੇ ਵੀ ਕੁੱਝ ਲੋਕਾਂ ਦੇ ਮਲਬੇ ਵਿਚ ਦਬੇ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਵਲੋਂ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਇਮਾਰਤ ਡਿਗਣ ਦੇ ਕੁੱਝ ਸਮੇਂ ਬਾਅਦ ਹੀ ਪੁਲਿਸ ਨੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਉੱਧਰ ਤੋਂ ਗੁਜ਼ਰਨ ਵਾਲੀਆਂ ਸੜਕਾਂ ਨੂੰ ਬੰਦ ਕਰ ਦਿਤਾ। ਉਥੇ ਹੀ ਫ਼ਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਮਲਬੇ ਵਿਚ ਦਬੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਹੋਟਲ ਦਾ ਇਕ ਹਿੱਸਾ ਗੁਆਂਢ ਦੇ ਇਕ ਮਕਾਨ 'ਤੇ ਜਾ ਕੇ ਡਿੱਗ ਗਿਆ, ਜਿਸ ਵਿਚ ਕਰੀਬ ਚਾਰ-ਪੰਜ ਲੋਕਾਂ ਦੇ ਫਸੇ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਇਸ ਹਾਦਸੇ ਦੌਰਾਨ ਮਾਰੇ ਗਏ 10 ਲੋਕਾਂ ਵਿਚੋਂ ਪੰਜ ਦੀ ਪਹਿਚਾਣ ਹੋ ਚੁੱਕੀ ਹੈ ਜਦਕਿ 5 ਹੋਰ ਦੀ ਹੁਣ ਵੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਐਮ ਵਾਈ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿਚ ਸੱਤਿਆਨਰਾਇਣ (60), ਹੋਟਲ ਦਾ ਮੈਨੇਜਰ ਹਰੀਸ਼ ਸੋਨੀ (70), ਰਾਜੂ (36), ਆਨੰਦ ਪੋਰਵਾਲ (ਵਾਸੀ ਨਾਗਦਾ) ਅਤੇ ਰਾਕੇਸ਼ ਰਾਠੌਰ (ਵਾਸੀ ਨੰਦਬਾਗ) ਦੀ ਸ਼ਨਾਖ਼ਤ ਹੋ ਚੁੱਕੀ ਹੈ। ਜਦਕਿ 3 ਪੁਰਸ਼ ਅਤੇ ਦੋ ਮਹਿਲਾਵਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ।
ਚਸ਼ਮਦੀਦਾਂ ਮੁਤਾਬਕ ਘਟਨਾ ਦੇ ਸਮੇਂ ਹੋਟਲ ਵਿਚ ਕਈ ਮੁਸਾਫ਼ਰ ਠਹਿਰੇ ਹੋਏ ਸਨ। ਡਿਗਦੇ ਹੋਟਲ ਦੇ ਮਲਬੇ ਦੀ ਚਪੇਟ ਵਿਚ ਆਸਪਾਸ ਤੋਂ ਲੰਘਣ ਵਾਲੇ ਲੋਕ ਵੀ ਆ ਗਏ। ਹਾਦਸੇ ਦੇ ਤੁਰਤ ਬਾਅਦ ਆਸਪਾਸ ਦੇ ਮੌਜੂਦ ਲੋਕਾਂ ਨੇ ਬਚਾਅ ਕਾਰਜ ਅਤੇ ਮਦਦ ਸ਼ੁਰੂ ਕਰ ਦਿਤੀ। ਹੋਟਲ ਦੇ ਕੋਲ ਸਥਿਤ ਇਕ ਹੋਰ ਹੋਟਲ ਦੇ ਕਰਮਚਾਰੀ ਅਜੇ ਰਾਜਪੂਤ ਮੁਤਾਬਕ ਅਚਾਨਕ ਤੇਜ਼ ਧਮਾਕੇ ਦੀ ਆਵਾਜ਼ ਆਈ ਅਤੇ ਬਿਜਲੀ ਗੁੱਲ ਹੋ ਗਈ।
ਬਾਹਰ ਜਾ ਕੇ ਦੇਖਿਆ ਤਾਂ ਪੂਰੇ ਇਲਾਕੇ ਵਿਚ ਧੂੜ ਦਾ ਗ਼ੁਬਾਰ ਫੈਲਿਆ ਹੋਇਆ ਸੀ। ਪੂਰਾ ਹੋਟਲ ਡਿੱਗ ਚੁੱਕਿਆ ਸੀ। ਉਥੋਂ ਲੰਘ ਰਿਹਾ ਇਕ ਆਟੋ ਰਿਕਸ਼ਾ ਚਾਲਕ ਵੀ ਉਸ ਦੀ ਚਪੇਟ ਵਿਚ ਆ ਗਿਆ। ਆਟੋ ਚਾਲਕ ਸੱਤਿਆਨਰਾਇਣ ਚੌਹਾਨ ਨੂੰ ਲੋਕਾਂ ਨੇ ਤੁਰਤ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਰਵਾਨਾ ਕੀਤਾ। ਘਟਨਾ ਤੋਂ ਬਾਅਦ ਕਰੀਬ 20 ਮਿੰਟ ਬਾਅਦ ਨਗਰ ਨਿਗਮ, ਆਫ਼ਤ ਪ੍ਰਬੰਧਨ,ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਨਾਲ ਹੀ ਪੁਲਿਸ ਅਤੇ ਨਿਗਮ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।