2019 ਵਿਚ ਮੋਦੀ ਦਾ ਮੁਕਾਬਲਾ ਕਰਨ ਦੀ ਕਿਸੇ ਵਿਚ ਸਮਰੱਥਾ ਨਹੀਂ : ਨਿਤੀਸ਼ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦਾ ਤਿਆਗ ਕਰ ਚੁੱਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ...

Nitish Kumar

ਪਟਨਾ, 31 ਜੁਲਾਈ : ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦਾ ਤਿਆਗ ਕਰ ਚੁੱਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਟੱਕਰ ਨਹੀਂ ਦੇ ਸਕਦਾ ਅਤੇ ਐਨ.ਡੀ.ਏ. ਮੁੜ ਸੱਤਾ 'ਤੇ ਕਾਬਜ਼ ਹੋਵੇਗਾ। ਇਸ ਤਰ੍ਹਾਂ ਨਿਤੀਸ਼ ਕੁਮਾਰ ਨੇ ਅਪਣੀ 'ਮਨ ਕੀ ਬਾਤ' ਪ੍ਰਗਟ ਕਰ ਕੇ ਦਸਿਆ ਕਿ ਅਪਣੀ ਗੱਦੀ ਪੱਕੀ ਕਰਨ ਲਈ ਉਨ੍ਹਾਂ ਨੇ ਆਪ ਸਿਰਜੇ ਮਹਾਂਗਠਜੋੜ ਨੂੰ ਪਿੱਠ ਕਿਉਂ ਵਿਖਾ ਦਿਤੀ ਜਦਕਿ ਬਿਹਾਰ ਦੇ ਲੋਕਾਂ ਨੇ ਉਸ ਨੂੰ ਕੇਵਲ ਬੀਜੇਪੀ (ਮੋਦੀ) ਸ਼ਾਸਨ ਦਾ ਵਿਰੋਧ ਕਰਨ ਦਾ ਫ਼ਤਵਾ ਦਿਤਾ ਸੀ।
ਦੇਸ਼ ਨੂੰ ਅੱਗੇ ਵਧਾਉਣ ਲਈ ਮੋਦੀ ਵਲੋਂ ਲਏ ਜਾ ਰਹੇ ਫ਼ੈਸਲਿਆਂ ਦੀ ਤਾਰੀਫ਼ ਕਰਦਿਆਂ ਨਿਤੀਸ਼ ਕੁਮਾਰ ਨੇ ਮਹਾਂਗਠਜੋੜ ਤੋੜਨ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਇਆ ਪਰ ਨਾਲ ਹੀ ਕਿਹਾ ਕਿ ਪਹਿਲਾਂ ਕੀਤੇ ਵਾਅਦੇ ਮੁਤਾਬਕ ਉਪ-ਰਾਸ਼ਟਰਪਤੀ ਦੀ ਚੋਣ ਵਿਚ ਜਨਤਾ ਦਲ-ਯੂ ਦੀਆਂ ਵੋਟਾਂ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਦੇ ਹੱਕ ਵਿਚ ਭੁਗਤਣਗੀਆਂ। 75 ਮਿੰਟ ਤਕ ਚੱਲੀ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ, ''ਮੈਂ ਨਹੀਂ ਸਮਝਦਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਕੋਈ ਵੀ ਮੋਦੀ ਨੂੰ ਟੱਕਰ ਦੇਣ ਦੀ ਤਾਕਤ ਰਖਦਾ ਹੈ।'' ਇਥੇ ਦਸਣਾ ਬਣਦਾ ਹੈ  ਕਿ ਵਿਰੋਧੀ ਧਿਰ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਏ ਜਾਣ ਦੇ ਕਿਆਸੇ ਲਾਏ ਜਾ ਰਹੇ ਸਨ।
ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਵਲੋਂ ਭਾਜਪਾ ਨਾਲ ਗਠਜੋੜ 'ਤੇ ਨਾਰਾਜ਼ਗੀ ਪ੍ਰਗਟ ਕੀਤੇ ਜਾਣ ਦੇ ਬਾਵਜੂਦ ਨਿਤੀਸ਼ ਕੁਮਾਰ ਨੇ ਕਿਹਾ ਕਿ ਸਾਡੀ ਪਾਰਟੀ ਵਿਚ ਪੂਰੀ ਤਰ੍ਹਾਂ ਏਕਾ ਹੈ। ਨਿਤੀਸ਼ ਕੁਮਾਰ ਨੇ ਉਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਾ ਦਿਤਾ ਜਿਨ੍ਹਾਂ ਤਹਿਤ ਪੁਛਿਆ ਗਿਆ ਸੀ ਕਿ ਕੀ ਕੇਂਦਰੀ ਕੈਬਨਿਟ ਵਿਚ ਜਨਤਾ ਦਲ-ਯੂ ਦੇ ਮੰਤਰੀ ਸ਼ਾਮਲ ਹੋ ਰਹੇ ਹਨ। (ਏਜੰਸੀ)