ਰਾਜਸਥਾਨ 'ਚ ਟੁੱਟਿਆ ਡੈਮ, ਕਈ ਪਿੰਡਾਂ 'ਚ ਵੜਿਆ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਝੁਝੁਨੂੰ ਜ਼ਿਲ੍ਹੇ ਦੀ ਕੁੰਭਾਰਾਮ ਲਿਫ਼ਟ ਪਰਿਯੋਜਨਾ ਦਾ ਡੈਮ ਟੁੱਟਣ ਨਾਲ ਆਸਪਾਸ ਦੇ ਕਈ ਪਿੰਡਾਂ ਵਿਚ ਪਾਣੀ ਭਰ ਗਿਆ।

Rajasthan Jhujhunu Dam break

ਜੈਪੁਰ : ਰਾਜਸਥਾਨ ਦੇ ਝੁਝੁਨੂੰ ਜ਼ਿਲ੍ਹੇ ਦੀ ਕੁੰਭਾਰਾਮ ਲਿਫ਼ਟ ਪਰਿਯੋਜਨਾ ਦਾ ਡੈਮ ਟੁੱਟਣ ਨਾਲ ਆਸਪਾਸ ਦੇ ਕਈ ਪਿੰਡਾਂ ਵਿਚ ਪਾਣੀ ਭਰ ਗਿਆ। ਇਹ ਡੈਮ ਤਿੰਨ ਥਾਵਾਂ 'ਤੇ ਦਰਾੜਾਂ ਆਉਣ ਤੋਂ ਬਾਅਦ ਅਚਾਨਕ ਟੁੱਟ ਗਿਆ, ਜਿਸ ਨਾਲ ਪਾਣੀ ਬਾਹਰ ਨਿਕਲ ਗਿਆ। ਪਾਣੀ ਪ੍ਰੋਜੈਕਟ ਦੇ ਪੰਪ ਹਾਊਸ, ਕਲੋਰਿੰਗ ਹਾਊਸ ਸਮੇਤ ਹੋਰ ਮਸ਼ੀਨਾਂ ਵਿਚ ਪਾਣੀ ਭਰ ਗਿਆ, ਜਿਸ ਨਾਲ ਪ੍ਰੋਜੈਕਟ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

ਝੁਝੁਨੂੰ ਜ਼ਿਲ੍ਹੇ ਦੇ ਮਲਸੀਸਰ ਤਹਿਸੀਲ ਮੁੱਖ ਦਫ਼ਤਰ ਤੋਂ ਕੁੱਝ ਹੀ ਦੂਰੀ 'ਤੇ ਬਣੇ ਇਸ ਡੈਮ ਕਾਰਨ ਕਰੋੜਾਂ ਲੀਟਰ ਪਾਣੀ ਬਰਬਾਦ ਹੋ ਗਿਆ। ਇੱਥੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਣ ਲਈ ਐਨਡੀਆਰਐਫ ਦੀਆਂ ਚਾਰ ਟੀਮਾਂ ਮੌਕੇ 'ਤੇ ਪਹੁੰਚੀਆਂ ਹਨ। 

ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ 'ਤੇ ਨਿਗਰਾਨੀ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ 15 ਲੱਖ ਕਿਊਬਿਕ ਲੀਟਰ ਪਾਣੀ ਦੀ ਸਮਰੱਥਾ ਵਾਲੇ ਇਸ ਡੈਮ ਤੋਂ ਝੁਝੁਨੂੰ ਅਤੇ ਸੀਕਰ ਜ਼ਿਲ੍ਹਿਆਂ ਵਿਚ ਪਾਣੀ ਦੀ ਸਪਲਾਈ ਹੁੰਦੀ ਸੀ। 

ਹੁਣ ਦੋਵੇਂ ਜ਼ਿਲ੍ਹਿਆਂ ਵਿਚ ਪਾਣੀ ਸੰਕਟ ਦੇ ਹਾਲਾਤ ਪੈਦਾ ਹੋ ਸਕਦੇ ਹਨ। ਤਹਿਸੀਲਦਾਰ ਜੀਤੂ ਸਿੰਘ ਮੀਣਾ ਨੇ ਦਸਿਆ ਕਿ ਅਜੇ ਡੈਮ ਟੁੱਟਣ ਦੇ ਅਧਿਕਾਰਕ ਕਾਰਨਾਂ ਬਾਰੇ ਨਹੀਂ ਦਸਿਆ ਜਾ ਸਕਦਾ, ਪਹਿਲਾ ਕੰਮ ਬਚਾਅ ਕਾਰਜ ਹਨ।