29 ਭਾਰਤੀ ਸ਼ਹਿਰਾਂ ਵਿਚ ਭੂਚਾਲ ਆਉਣ ਦਾ ਬੇਹੱਦ ਖ਼ਤਰਾ
ਕੌਮੀ ਰਾਜਧਾਨ ਦਿੱਲੀ ਸਣੇ ਭਾਰਤ ਦੇ 29 ਸ਼ਹਿਰਾਂ ਵਿਚ ਭੂਚਾਲ ਆਉਣ ਦਾ ਬੇਹੱਦ ਖ਼ਤਰਾ ਹੈ। ਇਹ ਪ੍ਰਗਟਾਵਾ ਕੌਮੀ ਭੂ-ਵਿਗਿਆਨ ਕੇਂਦਰ ਦੀ ਰੀਪੋਰਟ ਵਿਚ ਕੀਤਾ ਗਿਆ ਹੈ।
ਨਵੀਂ ਦਿੱਲੀ, 30 ਜੁਲਾਈ : ਕੌਮੀ ਰਾਜਧਾਨ ਦਿੱਲੀ ਸਣੇ ਭਾਰਤ ਦੇ 29 ਸ਼ਹਿਰਾਂ ਵਿਚ ਭੂਚਾਲ ਆਉਣ ਦਾ ਬੇਹੱਦ ਖ਼ਤਰਾ ਹੈ। ਇਹ ਪ੍ਰਗਟਾਵਾ ਕੌਮੀ ਭੂ-ਵਿਗਿਆਨ ਕੇਂਦਰ ਦੀ ਰੀਪੋਰਟ ਵਿਚ ਕੀਤਾ ਗਿਆ ਹੈ।
ਰੀਪੋਰਟ ਮੁਤਾਬਕ ਦਿੱਲੀ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਅੰਬਾਲਾ, ਪਟਨਾ, ਸ੍ਰੀਨਗਰ, ਕਹਿਮਾ, ਪੁਡੂਚੇਰੀ, ਗੁਹਾਟੀ, ਗੰਗਟੋਕ, ਸ਼ਿਮਲਾ, ਦੇਹਰਾਦੂਨ ਅਤੇ ਇੰਫ਼ਾਲ ਸੈਸੇਮਿਕ ਜ਼ੋਨ ਚਾਰ ਅਤੇ ਪੰਜ ਵਿਚ ਆਉਂਦੇ ਹਨ। ਭੂ-ਵਿਗਿਆਨ ਕੇਂਦਰ ਦੇ ਡਾਇਰੈਕਟਰ ਵਿਨੀਤ ਗੁਲਾਟੀ ਨੇ ਕਿਹਾ ਕਿ ਬਿਊਰੋ ਆਫ਼ ਇੰਡੀਅਨ ਸਟੈਂਡਰਜ਼ ਵਲੋਂ ਅਤੀਤ ਵਿਚ ਆਏ ਭੂਚਾਲ ਅਤੇ ਇਸ ਕਾਰਨ ਹੋਏ ਨੁਕਸਾਨ ਸਮੇਤ ਕਈ ਕਾਰਨਾਂ ਨੂੰ ਆਧਾਰ ਬਣਾ ਕੇ ਸ਼ਹਿਰਾਂ ਅਤੇ ਕਸਬਿਆਂ ਨੂੰ ਸੈਸੇਮਿਕ ਜ਼ੋਨਾਂ ਵਿਚ ਵੰਡਿਆ ਗਿਆ ਹੈ।
ਇਨ੍ਹਾਂ ਸ਼ਹਿਰਾਂ ਦੀ ਕੁਲ ਆਬਾਦੀ ਤਿੰਨ ਕਰੋੜ ਬਣਦੀ ਹੈ। ਸੈਸੇਮਿਕ ਜ਼ੋਨ ਪੰਜ ਵਿਚ ਸ਼ਾਮਲ ਸ਼ਹਿਰਾਂ 'ਚ ਭੂਚਾਲ ਆਉਣ ਤੋਂ ਸੱਭ ਤੋਂ ਵੱਧ ਖ਼ਤਰਾ ਹੈ ਅਤੇ ਇਸ ਜ਼ੋਨ ਤਹਿਤ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਗੁਜਰਾਤ ਦੇ ਕੱਛ ਜ਼ਿਲ੍ਹੇ ਦਾ ਰਣ, ਬਿਹਾਰ ਦੇ ਕੁੱਝ ਇਲਾਕੇ ਅਤੇ ਅੰਡੇਮਾਨ ਨਿਕੋਬਾਰ ਟਾਪੂ ਆਉਂਦੇ ਹਨ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਕੁੱਝ ਹਿੱਸੇ, ਦਿੱਲੀ, ਸਿੱਕਮ, ਉੱਤਰ ਪ੍ਰਦੇਸ਼ ਦਾ ਉਤਰੀ ਹਿੱਸਾ, ਪਛਮੀ ਬੰਗਾਲ ਅਤੇ ਗੁਜਰਾਤ ਤੇ ਮਹਾਰਾਸ਼ਟਰ ਦੇ ਕੁੱਝ ਇਲਾਕੇ ਸੈਸੇਮਿਕ ਜ਼ੋਨ ਚਾਰ ਵਿਚ ਰੱਖੇ ਗਏ ਹਨ।
ਇਥੇ ਦਸਣਾ ਬਣਦਾ ਹੈ ਕਿ ਗੁਜਰਾਤ ਦੇ ਭੁਜ ਇਲਾਕੇ ਵਿਚ 2001 'ਚ ਆਏ ਭੂਚਾਲ ਕਾਰਨ 20 ਹਜ਼ਾਰ ਲੋਕ ਮਾਰੇ ਗਏ ਸਨ।
(ਏਜੰਸੀ)