ਕੇਰਲ ਵਿਚ ਹਿੰਸਾ, ਆਰਐਸਐਸ ਦੇ ਦਫ਼ਤਰ 'ਤੇ ਸੁਟਿਆ ਪਟਰੌਲ ਬੰਬ
ਕੇਰਲ ਦੇ ਕੋਟਾਯਮ ਵਿਚ ਅੱਜ ਤਾਜ਼ਾ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਜਿਸ ਤਹਿਤ ਆਰਐਸਐਸ ਦੇ ਦਫ਼ਤਰ 'ਤੇ ਪਟਰੌਲ ਬੰਬ ਸੁੱਟਿਆ ਗਿਆ ਅਤੇ ਸੀਪੀਆਈ (ਐਮ) ਦੇ ਟਰੇਡ ਯੂਨੀਅਨ..
ਕੋਟਾਯਮ, 31 ਜੁਲਾਈ: ਕੇਰਲ ਦੇ ਕੋਟਾਯਮ ਵਿਚ ਅੱਜ ਤਾਜ਼ਾ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਜਿਸ ਤਹਿਤ ਆਰਐਸਐਸ ਦੇ ਦਫ਼ਤਰ 'ਤੇ ਪਟਰੌਲ ਬੰਬ ਸੁੱਟਿਆ ਗਿਆ ਅਤੇ ਸੀਪੀਆਈ (ਐਮ) ਦੇ ਟਰੇਡ ਯੂਨੀਅਨ ਵਿੰਗ ਸੀਆਈਟੀਯੂ ਦੇ ਦਫ਼ਤਰ 'ਤੇ ਪਥਰਾਅ ਕੀਤਾ ਗਿਆ।
ਭਾਜਪਾ ਦੀ ਜ਼ਿਲ੍ਹਾ ਇਕਾਈ ਨੇ ਦੋਸ਼ ਲਗਾਇਆ ਕਿ ਸੀਪੀਆਈ (ਐਮ) ਦੇ ਵਰਕਰਾਂ ਨੇ ਆਰਐਸਐਸ ਦੇ ਜ਼ਿਲ੍ਹਾ ਦਫ਼ਤਰ 'ਤੇ ਪਟਰੌਲ ਬੰਬ ਸੁਟਿਆ ਜਿਸ ਕਾਰਨ ਇਮਾਰਤ ਨੂੰ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਪੁਲਿਸ 'ਤੇ ਦੋਸ਼ ਲਗਾਇਆ ਕਿ ਪੁਲਿਸ ਇਲਾਕੇ ਵਿਚ ਭਾਜਪਾ-ਆਰਐਸਐਸ ਦੇ ਦਫ਼ਤਰਾਂ ਨੂੰ ਬਣਦੀ ਸੁਰੱਖਿਆ ਮੁਹੱਈਆ ਕਰਾਉਣ ਲਈ ਕਦਮ ਨਹੀਂ ਚੁੱਕ ਰਹੀ। ਇਸ ਦੌਰਾਨ ਸੀਆਈਟੀਯੂ ਦੇ ਦਫ਼ਤਰ 'ਤੇ ਪਥਰਾਅ ਕੀਤਾ ਗਿਆ ਜਿਸ ਕਾਰਨ ਦਫ਼ਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਪੁਲਿਸ ਨੇ ਸ਼ਕ ਜ਼ਾਹਰ ਕੀਤਾ ਕਿ ਇਹ ਹਮਲਾ ਇਕ ਗੈਂਗ ਦੇ ਪੰਜ ਵਿਅਕਤੀਆਂ ਨੇ ਕੀਤਾ ਜੋ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸਵੇਰੇ ਢਾਈ ਵਜੇ ਦਫ਼ਤਰ ਦੇ ਨੇੜੇ ਪੁੱਜੇ ਸਨ।
ਕੇਰਲ ਵਿਚ ਹੋਈ ਹਿੰਸਾ ਅਤੇ ਆਰਐਸਐਸ ਦੇ ਇਕ ਕਾਰਕੁਨ ਦੀ ਹਤਿਆ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਅੱਜ ਸੂਬੇ ਵਿਚ ਭਾਜਪਾ-ਆਰਐਸਐਸ ਦੇ ਨੇਤਾਵਾਂ ਨਾਲ ਬੈਠਕ ਕੀਤੀ।
ਬੈਠਕ ਵਿਚ ਹਿੰਸਾ ਬੰਦ ਕਰ ਕੇ ਸ਼ਾਂਤੀ ਬਣਾਉਣ ਦੀ ਪਹਿਲ ਨੂੰ ਸਮਰਥਨ ਦੇਣ 'ਤੇ ਸਹਿਮਤੀ ਬਣੀ। ਇਸ ਬੈਠਕ ਵਿਚ 6 ਅਗੱਸਤ ਨੂੰ ਇਕ ਸਰਬਪਾਰਟੀ ਮੀਟਿੰਗ ਸੱਦੇ ਜਾਣ ਦਾ ਵੀ ਫ਼ੈਸਲਾ ਹੋਇਆ। ਸੂਬੇ ਦੇ ਕਈ ਹਿੱਸਿਆਂ ਵਿਚ ਹਿੰਸਾ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਅਪਣੇ ਕਾਰਕੁਨਾਂ ਨੂੰ ਹਿੰਸਾ ਰੋਕਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਵਿਜਯਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਵਿਚ ਸ਼ਾਂਤੀ ਦੀ ਲੋੜ ਹੈ। (ਪੀ.ਟੀ.ਆਈ.)