ਲਸ਼ਕਰ ਕਮਾਂਡਰ ਅਬੂ ਦੁਜਾਨਾ ਦੇ ਮੁਕਾਬਲੇ 'ਚ ਮਾਰੇ ਜਾਣ ਮਗਰੋਂ ਵਾਦੀ ਵਿਚ ਹਿੰਸਕ ਝੜਪਾਂ
ਪੁਲਵਾਮਾ 'ਚ ਸੁਰੱਖਿਆ ਫ਼ੌਜਾਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤਾਇਬਾ ਦੇ ਇਨਾਮੀ ਅਤਿਵਾਦੀ ਅਬੂ ਦੁਜਾਨਾ ਸਮੇਤ ਦੋ ਅਤਿਵਾਦੀ ਮਾਰੇ ਗਏ। ਫ਼ੌਜ ਨੇ ਹਾਕਰੀਪੋਰਾ ਪਿੰਡ ਵਿਚ..
ਸ੍ਰੀਨਗਰ, 1 ਅਗੱਸਤ : ਪੁਲਵਾਮਾ 'ਚ ਸੁਰੱਖਿਆ ਫ਼ੌਜਾਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤਾਇਬਾ ਦੇ ਇਨਾਮੀ ਅਤਿਵਾਦੀ ਅਬੂ ਦੁਜਾਨਾ ਸਮੇਤ ਦੋ ਅਤਿਵਾਦੀ ਮਾਰੇ ਗਏ। ਫ਼ੌਜ ਨੇ ਹਾਕਰੀਪੋਰਾ ਪਿੰਡ ਵਿਚ ਅਤਿਵਾਦੀਆਂ ਨੂੰ ਘੇਰ ਕੇ ਮਾਰ-ਮੁਕਾਇਆ। ਦੂਜੇ ਅਤਿਵਾਦੀ ਦੀ ਪਛਾਣ ਆਰਿਫ਼ ਲਿਲਹਾਰੀ ਵਜੋਂ ਹੋਈ ਹੈ।
ਫ਼ੌਜ ਦੇ ਬੁਲਾਰੇ ਮੁਤਾਬਕ ਉਕਤ ਪਿੰਡ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ ਜਿਸ ਤੋਂ ਬਾਅਦ ਅੱਜ ਤੜਕੇ ਪਿੰਡ ਵਿਚ ਪਹੁੰਚੀ ਫ਼ੌਜ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਜਿਸ ਵਿਚ ਦੋਵੇਂ ਅਤਿਵਾਦੀ ਮਾਰੇ ਗਏ। ਦੋਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਹ ਅਪਣੀ ਪਤਨੀ ਨੂੰ ਮਿਲਣ ਲਈ ਪਿੰਡ ਵਿਚ ਆਇਆ ਸੀ। ਇਸ ਤੋਂ ਪਹਿਲਾਂ ਉਹ ਪੰਜ ਜਵਾਨਾਂ ਨੂੰ ਝਾਂਸਾ ਦੇ ਕੇ ਭੱਜਣ ਵਿਚ ਕਾਮਯਾਬ ਹੋ ਗਿਆ ਸੀ ਪਰ ਅੱਜ ਫ਼ੌਜ ਨੇ ਉਸ ਨੂੰ ਭੱਜਣ ਨਾ ਦਿਤਾ। ਦੁਜਾਨਾ ਏ ਕੈਟੇਗਰੀ ਦਾ ਅਤਿਵਾਦੀ ਸੀ ਤੇ ਉਸ ਦੇ ਸਿਰ 10 ਲੱਖ ਰੁਪਏ ਦਾ ਇਨਾਮ ਸੀ। 2013 ਵਿਚ ਅਤਿਵਾਦੀ ਅਬੂ ਕਾਸਿਮ ਦੀ ਮੌਤ ਤੋਂ ਬਾਅਦ ਦੁਜਾਨਾ ਨੂੰ ਕਮਾਂਡਰ ਬਣਾਇਆ ਗਿਆ ਸੀ। ਉਸ ਨੇ ਕਸ਼ਮੀਰ ਵਿਚ ਕਈ ਹਮਲਿਆਂ ਨੂੰ ਅੰਜਾਮ ਦਿਤਾ। ਮੁਕਾਬਲੇ ਤੋਂ ਬਾਅਦ ਪੁਲਿਸ ਅਤੇ ਫ਼ੌਜ ਨੇ ਪ੍ਰੈਸ ਕਾਨਫ਼ਰੰਸ ਕੀਤੀ।
ਅਧਿਕਾਰੀਆਂ ਨੇ ਕਿਹਾ, 'ਦੁਜਾਨਾ ਕਸ਼ਮੀਰ ਵਿਚ ਸਿਰਫ਼ ਅਯਾਸ਼ੀ ਕਰ ਰਿਹਾ ਸੀ। ਉਹ ਕੁੜੀਆਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਿਆ ਸੀ। ਉਨ੍ਹਾਂ ਦਸਿਆ ਕਿ ਅਤਿਵਾਦੀਆਂ ਨੇ ਭਾਰੀ ਗੋਲੀਬਾਰੀ ਕੀਤੀ ਪਰ ਫ਼ੌਜੀ ਕਾਰਵਾਈ ਵਿਚ ਮਾਰੇ ਗਏ। ਜਿਸ ਘਰ ਵਿਚ ਉਹ ਲੁਕੇ ਹੋਏ ਸਨ, ਉਹ ਘਰ ਵੀ ਧਮਾਕੇ ਨਾਲ ਉਡਾ ਦਿਤਾ ਗਿਆ।' ਪਿਛਲੇ ਦੋ ਸਾਲ ਤੋਂ ਫ਼ੌਜ ਨੇ ਵਾਦੀ 'ਚ 'ਆਲਆਊਟ ਆਪ੍ਰੇਸ਼ਨ' ਚਲਾਇਆ ਹੋਇਆ ਜਿਸ ਤਹਿਤ ਹੁਣ ਤਕ 106 ਤੋਂ ਵੱਧ ਅਤਿਵਾਦੀਆਂ ਨੂੰ ਮਾਰਿਆ ਜਾ ਚੁੱਕਾ ਹੈ। ਅਬੂ ਦੁਜਾਨਾ ਫ਼ੌਜ ਵਲੋਂ ਜਾਰੀ ਕੀਤੀ ਗਈ ਸੱਭ ਤੋਂ ਲੋੜੀਂਦੇ ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਸੀ। ਉਸ ਨੂੰ ਲਸ਼ਕਰ ਦਾ ਬੇਹੱਦ ਖ਼ਤਰਨਾਕ ਅਤਿਵਾਦੀ ਮੰਨਿਆ ਜਾਂਦਾ ਸੀ।
ਲਸ਼ਕਰ ਦੇ ਇਨਾਮੀ ਕਮਾਂਡਰ ਦੁਜਾਨਾ ਦੇ ਮਾਰੇ ਜਾਣ ਮਗਰੋਂ ਅੱਜ ਸਵੇਰੇ ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਅਤੇ ਘਾਟੀ 'ਚ ਕਈ ਥਾਈਂ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ 'ਚ ਇਕ ਨਾਗਰਿਕ ਮਾਰਿਆ ਗਿਆ ਅਤੇ ਕਈ ਜਣੇ ਜ਼ਖ਼ਮੀ ਹੋ ਗਏ। ਨਾਗਰਿਕ ਦੀ ਮੌਤ ਹੀ ਹਾਲੇ ਪੁਸ਼ਟੀ ਨਹੀਂ ਹੋਈ।
ਮੁਕਾਬਲੇ ਵਾਲੀ ਥਾਂ ਲਾਗੇ ਪੱਥਰ ਸੁੱਟ ਰਹੇ ਕਰੀਬ 100 ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਬਲਾਂ ਨੇ ਗੋਲੀ ਚਲਾਈ ਜਿਸ ਕਾਰਨ ਕਈ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀ ਬਸ਼ੀਰ ਖ਼ਾਨ ਨੇ ਦਸਿਆ ਕਿ ਅਹਿਤਿਆਤ ਵਜੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅੱਜ ਦਿਨ ਭਰ ਲਈ ਬੰਦ ਕਰ ਦਿਤਾ ਗਿਆ। ਖ਼ਾਨ ਨੇ ਦਸਿਆ ਕਿ ਹਾਲਾਤ ਨੂੰ ਵੇਖਦਿਆਂ ਇਹ ਹੁਕਮ ਦਿਤੇ ਗਏ ਹਨ। ਪੂਰੀ ਘਾਟੀ 'ਚ ਮੋਬਾਈਲ ਇੰਟਰਨੈਟ ਸੇਵਾ ਵੀ ਬੰਦ ਕਰ ਦਿਤੀ ਗਈ