39 ਨਹੀਂ 38 ਭਾਰਤੀਆਂ ਦੀਆਂ ਲਾਸ਼ਾਂ ਆਉਣਗੀਆਂ ਭਾਰਤ, ਵੀ.ਕੇ. ਸਿੰਘ ਇਰਾਕ ਲਈ ਹੋਏ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਅੱਜ ਇਰਾਕ ਦੌਰੇ 'ਤੇ ਰਵਾਨਾ ਹੋ ਚੁੱਕੇ ਹਨ।

VK Singh will go to Iraq 39 Indian dead body

ਨਵੀਂ ਦਿੱਲੀ : ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਅੱਜ ਇਰਾਕ ਦੌਰੇ 'ਤੇ ਰਵਾਨਾ ਹੋ ਚੁੱਕੇ ਹਨ। ਵੀ.ਕੇ. ਸਿੰਘ 2 ਅਪ੍ਰੈਲ ਨੂੰ ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਭਾਰਤ ਪਰਤਣਗੇ। ਇਨ੍ਹਾਂ ਲਾਸ਼ਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਮਦਦ ਨਾਲ ਸਭ ਤੋਂ ਪਹਿਲਾਂ ਅੰਮ੍ਰਿਤਸਰ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਪਟਨਾ ਅਤੇ ਫਿਰ ਕੋਲਕੱਤਾ ਲਿਜਾਇਆ ਜਾਵੇਗਾ।

ਇਰਾਕ ਜਾਣ ਤੋਂ ਪਹਿਲਾਂ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਕਿਹਾ ਕਿ ਮੈਂ 38 ਭਾਰਤੀਆਂ ਦੀਆਂ ਲਾਸ਼ਾਂ ਲੈਣ ਮੋਸੁਲ ਜਾ ਰਿਹਾ ਹਾਂ। ਇਕ ਭਾਰਤੀ ਦਾ ਕੇਸ ਪੈਂਡਿੰਗ ਹੋਣ ਕਾਰਨ ਸਾਨੂੰ ਉਸ ਦੀ ਲਾਸ਼ ਨਹੀਂ ਮਿਲੇਗੀ। ਭਾਰਤੀਆਂ ਦੀਆਂ ਲਾਸ਼ਾਂ ਪੂਰੇ ਸਬੂਤਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿਤੀਆਂ ਜਾਣਗੀਆਂ ਤਾਂਕਿ ਕਿਸੇ ਨੂੰ ਵੀ ਕੋਈ ਸ਼ੱਕ ਨਾ ਰਹੇ। 

ਦਸ ਦਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿਚ ਕਿਹਾ ਸੀ ਕਿ ਕਰੀਬ 40 ਭਾਰਤੀਆਂ ਨੂੰ ਇਰਾਕ ਦੇ ਮੋਸੁਲ ਤੋਂ ਆਈਐਸਆਈਐਸ ਅਤਿਵਾਦੀ ਸੰਗਠਨ ਨੇ ਅਗਵਾ ਕਰ ਲਿਆ ਸੀ ਪਰ ਉਨ੍ਹਾਂ ਵਿਚੋਂ ਇਕ ਖ਼ੁਦ ਨੂੰ ਬੰਗਲਾਦੇਸ਼ੀ ਮੁਸਲਮਾਨ ਦੱਸ ਕੇ ਬਚ ਨਿਕਲਣ ਵਿਚ ਕਾਮਯਾਬ ਰਿਹਾ ਸੀ।

ਉਨ੍ਹਾਂ ਕਿਹਾ ਸੀ ਕਿ ਬਾਕੀ 39 ਭਾਰਤੀਆਂ ਨੂੰ ਬਦੂਸ਼ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿਤੀ ਗਈ। ਆਈਐਸ ਨੇ 39 ਭਾਰਤੀਆਂ ਦਾ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦੇ ਸਿਰ ਵਿਚ ਗੋਲੀ ਕੇ ਹੱਤਿਆ ਕਰ ਦਿਤੀ ਸੀ। ਸਾਲ 2014 ਵਿਚ ਅਗਵਾ ਹੋਏ ਇਨ੍ਹਾਂ ਭਾਰਤੀਆਂ ਦੇ ਡੀਐਨਏ ਜਾਂਚ ਤੋਂ ਬਾਅਦ ਅੱਤਵਾਦੀ ਸੰਗਠਨ ਦੀ ਦਰਿੰਦਗੀ ਦੀ ਪੁਸ਼ਟੀ ਹੋਈ ਸੀ। 

ਇਰਾਕ ਦੇ ਸਿਹਤ ਮੰਤਰਾਲੇ ਦੇ ਫੌਰੈਂਸਿੰਗ ਮੈਡੀਸਨ ਵਿਭਾਗ ਨੇ ਬਦੂਸ਼ ਪਿੰਡ ਤੋਂ ਮਿਲੀਆਂ ਭਾਰਤੀਆਂ ਦੀਆਂ ਲਾਸ਼ਾਂ ਦੇ ਡੀਐਨਏ ਦੀ ਜਾਂਚ ਕੀਤੀ ਸੀ। ਵਿਭਾਗ ਦੇ ਪ੍ਰਧਾਨ ਡਾਕਟਰ ਜੈਦ ਅਲੀ ਅੱਬਾਸ ਨੇ ਬਗ਼ਦਾਦ ਤੋਂ ਫ਼ੋਨ 'ਤੇ ਖ਼ਾਸ ਗੱਲਬਾਤ ਵਿਚ ਕਿਹਾ ਸੀ ਕਿ ਜ਼ਿਆਦਾਤਰ ਲਾਸ਼ਾਂ ਦੇ ਸਿਰ ਵਿਚ ਗੋਲੀ ਮਾਰੇ ਜਾਣ ਦੇ ਨਿਸ਼ਾਨ ਹਨ।