ਮਨਜੀਤ ਸਿੰਘ ਜੀ. ਕੇ. ਦਾ ਮਾਮਲਾ ਕ੍ਰਾਈਮ ਬ੍ਰਾਂਚ ਹਵਾਲੇ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਦੀ ਰੀਪੋਰਟ ਨੂੰ ਰੱਦ ਕਰ ਕੇ, ਮਾਮਲਾ ਕ੍ਰਾਈਮ ਬ੍ਰਾਂਚ ਹਵਾਲੇ ਕੀਤਾ ਜਾਵੇ। 

Manjeet Singh GK

ਨਵੀਂ ਦਿੱਲੀ:  ਮੈਟਰੋਪਾਲੀਟੇਨ ਮੈਜਿਸਟ੍ਰੇਟ ਪ੍ਰੀਤੀ ਪਰੇਵਾ ਦੀ ਅਦਾਲਤ ਵਿਚ ਸ਼ਨਿਚਰਵਾਰ ਨੂੰ ਦਿੱਲੀ ਪੁਲਿਸ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਦਾ ਮਾਮਲਾ ਬੰਦ ਕਰਨ ਲਈ ਦਾਖ਼ਲ ਕੀਤੀ ਗਈ ਰੀਪੋਰਟ ਦੀ ਵਿਰੋਧਤਾ ਕੀਤੀ ਗਈ।ਹੁਣ 9 ਅਪ੍ਰੈਲ ਨੂੰ ਅਦਾਲਤ ਆਪਣਾ ਫ਼ੈਸਲਾ ਦੇਵੇਗੀ।

 ਪਟੀਸ਼ਨਰ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਸ.ਗੁਰਮੀਤ ਸਿੰਘ ਸ਼ੰਟੀ ਦੇ ਵਕੀਲ ਰਜਿੰਦਰ ਛਾਬੜਾ ਨੇ ਅਦਾਲਤ ਤੋਂ ਮੰਗ ਕੀਤੀ ਕਿ ਪੁਲਿਸ ਦਾ ਰੋਲ ਪੂਰੀ ਤਰ੍ਹਾਂ ਪੱਖਪਾਤੀ ਰਿਹਾ ਹੈ ਤੇ ਹੁਕਮਰਾਨ ਪਾਰਟੀ ਦੇ ਦਬਾਅ ਕਰ ਕੇ, ਪੁਲਿਸ ਜੀ ਕੇ ਤੇ ਹੋਰਨਾਂ ਨੂੰ ਸ਼ੁਰੂ ਤੋਂ ਬਚਾਉਂਦੀ ਆ ਰਹੀ ਹੈ। ਪੁਲਿਸ ਦੀ ਰੀਪੋਰਟ ਨੂੰ ਰੱਦ ਕਰ ਕੇ, ਮਾਮਲਾ ਕ੍ਰਾਈਮ ਬ੍ਰਾਂਚ ਹਵਾਲੇ ਕੀਤਾ ਜਾਵੇ। 

 ਚੇਤੇ ਰਹੇ 19 ਮਾਰਚ ਨੂੰ ਪੁਲਿਸ ਨੇ 974 ਪੰਨਿਆਂ ਦੀ ਰੀਪੋਰਟ ਦਾਖ਼ਲ ਕਰ ਕੇ, ਅਦਾਲਤ ਨੂੰ ਦਸਿਆ  ਸੀ ਕਿ ਜੀ ਕੇ ਤੇ ਹੋਰਨਾਂ ਵਿਰੁਧ ਸਬੂਤ ਨਹੀ ਹਨ, ਇਸ ਲਈ ਮਾਮਲਾ ਬੰਦ ਕਰ ਦਿਤਾ ਜਾਣਾ ਚਾਹੀਦਾ ਹੈ। ਪਟੀਸ਼ਨਰ ਦੇ ਵਕੀਲ ਨੇ  ਅਦਾਲਤ ਨੂੰ ਦਸਿਆ ਕਿ ਪੜਤੀਆ ਅਫ਼ਸਰ ਸ਼ੁਰੂ ਤੋਂ ਹੀ ਪੱਖ ਪਾਤੀ ਰੋਲ ਨਿਭਾਅ ਰਿਹਾ ਹੈ ਤੇ ਉਸ ਨੇ ਠੀਕ ਢੰਗ ਨਾਲ ਪੜਤਾਲ ਨਹੀਂ ਕੀਤੀ। 

 ਇਥੋਂ ਤੱਕ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਨੋਟਿਸ ਜਾਰੀ ਕਰ ਕੇ, ਪੁਛਣ ਦੀ ਲੋੜ ਹੀ ਨਹੀਂ ਸਮਝੀ ਗਈ ਕਿ ਉਨਾਂ੍ਹ ਕਦੋਂ 51 ਲੱਖ, 5 ਹਜ਼ਾਰ, 773 ਰੁਪਏ ਦੀ ਰਕਮ ਦਿੱਲੀ ਕਮੇਟੀ ਤੋਂ ਹਾਸਲ ਕੀਤੀ। ਇਸ ਰਕਮ ਬਾਰੇ ਟਕਸਾਲ ਦੇ ਰੀਕਾਰਡ ਦੀ ਪੜਤਾਲ ਵੀ ਨਹੀਂ ਕੀਤੀ ਗਈ।  ਪੁਲਿਸ ਨੇ ਦਿੱਲੀ ਕਮੇਟੀ ਦੇ ਸਾਬਕਾ ਸਕੱਤਰ ਤੇ ਮੌਜੂਦਾ ਪ੍ਰਧਾਨ ਅਤੇ ਵਿਧਾਇਕ ਸ.ਮਨਜਿੰਦਰ ਸਿੰਘ ਸਿਰਸਾ ਤੋਂ ਵੀ ਕਮੇਟੀ ਦੇ ਬਰਖ਼ਾਸਤ ਜਨਰਲ ਮੈਨੇਜਰ ਬਾਰੇ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਸ.ਮਨਜੀਤ ਸਿੰਘ ਜੀ ਕੇ 'ਤੇ ਹੋਰਨਾਂ 'ਤੇ 30 ਜੂਨ 2016 ਨੂੰ ਅਖਉਤੀ ਤੌਰ 'ਤੇ ਚੜ੍ਹਾਵੇ ਦੇ ਇਕ ਲੱਖ ਕੈਨੇਡੀਅਨ ਡਾਲਰ ਤੇ ਇੰਨੀ ਹੀ ਰਕਮ 51 ਲੱਖ, 5 ਹਜ਼ਾਰ 773 ਰੁਪਏ 20 ਪੈਸੇ ਗੁਰਦਵਾਰੇ ਦੀ ਨਕਦੀ 'ਚੋਂ ਕਢਵਾ ਕੇ, ਖੁਰਦ ਬੁਰਦ ਕਰਨ ਤੇ ਹੋਰ ਦੋਸ਼ਾਂ ਅਧੀਨ ਇਹ ਮਾਮਲਾ ਚਲ ਰਿਹਾ ਹੈ।  ਜੀ ਕੇ ਧਿਰ ਨੇ ਅਦਾਲਤ ਵਿਚ ਕਾਗਜ਼ਾਤ ਦੇ ਕੇ, ਦਾਅਵਾ ਕੀਤਾ ਸੀ ਕਿ 51 ਲੱਖ ਦੀ ਰਕਮ ਖੁਰਦ ਬੁਰਦ ਨਹੀਂ ਕੀਤੀ ਗਈ, ਸਗੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਸੇਵਾ ਕਾਰਜਾਂ ਲਈ ਦਿਤੀ ਗਈ ਸੀ।  ਸ. ਸ਼ੰਟੀ ਆਪਣੇ ਵਕੀਲ ਨਾਲ ਅਦਾਲਤ ਵਿਚ  ਹਾਜ਼ਰ ਸਨ ਜਦੋਂਕਿ ਦਿੱਲੀ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਵੀ ਕੁੱਝ ਮੁਲਾਜ਼ਮ ਹਾਜ਼ਰ ਸਨ।